ਹਰਜੀਤ ਸਿੰਘ
ਡੇਰਾਬੱਸੀ, 11 ਜੂਨ
ਇੱਥੇ ਬੀਤੇ ਦਿਨੀਂ ਦਿਨ-ਦਿਹਾੜੇ ਬੰਦੂਕ ਦਿਖਾ ਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਦੇ ਦਫ਼ਤਰ ’ਚੋਂ ਇਕ ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ 24 ਘੰਟੇ ਬਾਅਦ ਵੀ ਖਾਲੀ ਹਨ। ਪੁਲੀਸ ਵੱਲੋਂ ਇਸ ਵਾਰਦਾਤ ਦੇ ਮਾਸਟਰ ਮਾਈਂਡ ਰਣਜੋਧ ਸਿੰਘ ਵਾਸੀ ਜ਼ੀਰਾ ਹਾਲ ਵਾਸੀ ਰੇਲਵੇ ਵਿਹਾਰ ਸੁਸਾਇਟੀ, ਵੀਆਈਪੀ ਰੋਡ ਜ਼ੀਰਕਪੁਰ ਨੂੰ ਕੱਲ੍ਹ ਹੀ ਇਕ ਫਲੈਟ ਵਿੱਚੋਂ ਕਾਬੂ ਕਰ ਲਿਆ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਰਣਜੋਧ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਦਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਹਾਲੇ ਤੱਕ ਪੁਲੀਸ ਦੇ ਹੱਥ ਨਹੀਂ ਚੜ੍ਹੇ ਹਨ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਡੇਢ ਘੰਟਾ ਮੁਲਜ਼ਮ
ਘਟਨਾ ਵਿੱਚ ਗੋਲੀ ਲੱਗਣ ਵਾਲੇ ਫਲ ਵਿਕਰੇਤਾ ਮੁਹੰਮਦ ਸਾਬਰ ਦੀ ਪੀਜੀਆਈ ਚੰਡੀਗੜ੍ਹ ਵਿੱਚ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਗੋਲੀ ਸਿਰ ਦੇ ਖੱਬੇ ਪਾਸੇ ਛੋਹ ਕੇ ਲੰਘ ਗਈ ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਡਕੈਤੀ ਦੇ ਮਾਸਟਰ ਮਾਈਂਡ ਰਣਜੋਧ ਸਿੰਘ ਅਤੇ ਉਸ ਦਾ ਇਕ ਸਾਥੀ ਮਨਿੰਦਰ ਸਿੰਘ ਵਾਸੀ ਅੰਮ੍ਰਿਤਸਰ ਹੈ। ਦੋਵੇਂ ਜ਼ੀਰਕਪੁਰ ਦੀ ਉਕਤ ਸੁਸਾਇਟੀ ਦੇ ਇਕ ਫਲੈਟ ਵਿੱਚ ਇਕੱਠੇ ਰਹਿੰਦੇ ਸਨ। ਰਣਜੋਧ ਅਤੇ ਮਨਿੰਦਰ ਪ੍ਰਾਪਰਟੀ ਡੀਲਰ ਨੂੰ ਵੀਆਈਪੀ ਰੋਡ ’ਤੇ ਇਕ ਸਸਤਾ ਸ਼ੋਅਰੂਮ ਦਿਵਾਉਣ ਬਹਾਨੇ ਲੰਘੇ ਕਈ ਦਿਨਾਂ ਤੋਂ ਉਸ ਦੇ ਸੰਪਰਕ ਵਿੱਚ ਸਨ ਜੋ ਕਈ ਵਾਰ ਉਸ ਦੇ ਦਫਤਰ ਵੀ ਆਏ ਸਨ। ਲੰਘੀ 9 ਤਰੀਕ ਨੂੰ ਵੀ ਰਣਜੋਧ, ਮਨਿੰਦਰ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਰੇਕੀ ਕਰਨ ਆਏ ਸਨ। ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਤਿੰਨੋਂ ਮੁਲਜ਼ਮ ਦਫਤਰ ਵਿੱਚ ਡੇਢ ਘੰਟਾ ਮੌਕੇ ਦੀ ਇੰਤਜ਼ਾਰ ਵਿੱਚ ਬੈਠੇ ਰਹੇ। ਜਦੋਂ ਉਹ ਦਫਤਰ ਪਹੁੰਚੇ ਤਾਂ ਉਸ ਵੇਲੇ ਹਰਜੀਤ ਨਾਗਪਾਲ ਦੇ ਨਾਲ ਪੰਜ ਜਣੇ ਹੋਰ ਦਫਤਰ ਵਿੱਚ ਬੈਠੇ ਸਨ ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਨੇ ਲੁੱਟ ਕਰਨ ਦੀ ਹਿੰਮਤ ਨਹੀਂ ਕੀਤੀ।
ਇਸ ਦੌਰਾਨ ਮਾਸਟਰ ਮਾਈਂਡ ਮਨਿੰਦਰ ਨੇ ਕੁਝ ਖਾਣ-ਪੀਣ ਦੀ ਇੱਛਾ ਜ਼ਾਹਿਰ ਕਰਦਿਆਂ ਪੰਜ ਵਿੱਚੋਂ ਦੋ ਜਣਿਆਂ ਨੂੰ ਬਾਜ਼ਾਰ ਸਮੋਸੇ ਲੈਣ ਲਈ ਭੇਜ ਦਿੱਤਾ। ਉਨ੍ਹਾਂ ਦੇ ਜਾਣ ਮਗਰੋਂ ਮੌਕਾ ਦੇਖ ਕੇ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਲੰਘੇ ਕੱਲ੍ਹ ਮੁਲਜ਼ਮਾਂ ਨੇ ਸ਼ੋਅਰੂਮ ਦਾ ਬਿਆਨਾਂ ਕਰਨ ਲਈ ਦਫਤਰ ਆਉਣਾ ਸੀ ਪਰ ਰਣਜੋਧ ਨੇ ਗੁੜਗਾਉਂ ਜਾਣ ਦਾ ਬਹਾਨਾ ਬਣਾ ਦਿੱਤਾ ਅਤੇ ਮਨਿੰਦਰ ਤੇ ਦੋ ਹੋਰ ਸਾਥੀ ਪ੍ਰਾਪਰਟੀ ਡੀਲਰ ਦੇ ਦਫ਼ਤਰ ਆਏ। ਮਾਸਟਰ ਮਾਈਂਡ ਰਣਜੋਧ ਸਿੰਘ ਦਾ ਪਿਤਾ ਪ੍ਰਗਟ ਸਿੰਘ ਜ਼ੀਰਾ ਵਿੱਚ ਆੜ੍ਹਤੀ ਹੈ ਜਿਸ ਦਾ ਉੱਥੇ ਚੰਗਾ ਰਸੂਖ ਹੈ। ਇਸ ਸਬੰਧੀ ਗੱਲ ਕਰਨ ’ਤੇ ਡੀਐੱਸਪੀ ਗੁਰਬਖ਼ਸੀਸ਼ ਸਿੰਘ ਨੇ ਦੱਸਿਆ ਕਿ ਡਕੈਤੀ ਦੀ ਸਾਰੀ ਯੋਜਨਾ ਰਣਜੋਧ ਅਤੇ ਮਨਿੰਦਰ ਵੱਲੋਂ ਬਣਾਈ ਗਈ ਸੀ ਜਦਕਿ ਬਾਕੀ ਸਾਥੀ ਉਨ੍ਹਾਂ ਨੇ ਨਾਲ ਰਲਾਏ ਸਨ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸਾਰੇ ਵੱਖ-ਵੱਖ ਥਾਵਾਂ ਵੱਲ ਫ਼ਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਵਿੱਚ ਪੁਲੀਸ ਦੀਆਂ ਟੀਮਾਂ ਛਾਪੇ ਮਾਰ ਰਹੀਆਂ ਹਨ।
ਲੁਟੇਰਿਆਂ ਨੂੰ ਫੜਨ ਜਾਂਦੀ ਪੁਲੀਸ ਪਾਰਟੀ ਦੀ ਨਿੱਜੀ ਗੱਡੀ ਜਾਮ ’ਚ ਫਸੀ
ਡੇਰਾਬੱਸੀ: ਸ਼ਹਿਰ ਵਿੱਚ ਦਿਨ-ਦਿਹਾੜੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲੀਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ। ਲੁੱਟ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਜਸਕੰਵਲ ਸਿੰਘ ਦੀ ਅਗਵਾਈ ਹੇਠ ਮੁਲਜ਼ਮ ਨੂੰ ਫੜਨ ਜਾ ਰਹੀ ਪੁਲੀਸ ਪਾਰਟੀ ਕੋਲ ਸਰਕਾਰੀ ਗੱਡੀ ਨਹੀਂ ਸੀ। ਲੁੱਟ ਦਾ ਸ਼ਿਕਾਰ ਹੋਏ ਪ੍ਰਾਪਰਟੀ ਡੀਲਰ ਨੇ ਮੌਕੇ ’ਤੇ ਪਹੁੰਚੀ ਪੁਲੀਸ ਨੂੰ ਦੱਸਿਆ ਕਿ ਸੌਦਾ ਕਰਨ ਆਏ ਚਾਰੇ ਲੁਟੇਰਿਆਂ ਨੂੰ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਰਹਿ ਰਹੇ ਰਣਜੋਧ ਸਿੰਘ ਗਿੱਲ ਨੇ ਭੇਜਿਆ ਹੈ ਜਿਸ ਨੂੰ ਕਾਬੂ ਕਰਨ ਲਈ ਪੁਲੀਸ ਪਾਰਟੀ ਨਿੱਜੀ ਸਵਿਫ਼ਟ ਕਾਰ ਵਿੱਚ ਹੀ ਰਵਾਨਾ ਹੋ ਪਈ। ਰਾਹ ਵਿੱਚ ਮੈਕ ਡੌਨਲਡ ਚੌਕ ’ਤੇ ਭਾਰੀ ਜਾਮ ਹੋਣ ਕਾਰਨ ਪੁਲੀਸ ਦੀ ਗੱਡੀ ਕਾਫੀ ਦੇਰ ਜਾਮ ’ਚ ਫਸੀ ਰਹੀ। ਸਰਕਾਰੀ ਗੱਡੀ ਨਾ ਹੋਣ ਕਾਰਨ ਕਿਸੇ ਵੀ ਵਾਹਨ ਚਾਲਕ ਨੇ ਪੁਲੀਸ ਦੀ ਗੱਡੀ ਨੂੰ ਰਾਹ ਨਹੀਂ ਦਿੱਤਾ। ਉਪਰੰਤ ਗੱਡੀ ਪਿੰਡ ਭਾਂਖਰਪੁਰ ਦੀਆਂ ਟਰੈਫਿਕ ਲਾਈਟਾਂ ਤੋਂ ਗਲਤ ਦਿਸ਼ਾ ਵੱਲ ਪਾਈ ਗਈ। ਗਲਤ ਦਿਸ਼ਾ ਵੱਲੋਂ ਵੀ ਹੋਰ ਵਾਹਨਾਂ ਨੇ ਨਿੱਜੀ ਗੱਡੀ ਵਿੱਚ ਸਵਾਰ ਪੁਲੀਸ ਪਾਰਟੀ ਨੂੰ ਆਸਾਨੀ ਨਾਲ ਰਾਹ ਨਹੀਂ ਦਿੱਤਾ ਜਦਕਿ ਐਨੀ ਵੱਡੀ ਵਾਰਦਾਤ ਵੇਲੇ ਪੁਲੀਸ ਦਾ ਵੀਆਈਪੀ ਰੋਡ ’ਦੇ ਫਲੈਟ ਵਿੱਚ ਤੁਰੰਤ ਪਹੁੰਚਣਾ ਕਾਫੀ ਜ਼ਰੂਰੀ ਸੀ, ਨਹੀਂ ਤਾਂ ਮੁਲਜ਼ਮ ਫ਼ਰਾਰ ਹੋ ਸਕਦਾ ਸੀ। ਇਸ ਸਬੰਧੀ ਡੇਰਾਬੱਸੀ ਪਹੁੰਚੇ ਐੱਸਐੱਸਪੀ ਮੁਹਾਲੀ ਵਿਵੇਕਸ਼ੀਲ ਸਿੰਘ ਸੋਨੀ ਨੇ ਪੁਲੀਸ ਪਾਰਟੀ ਕੋਲ ਸਰਕਾਰੀ ਗੱਡੀ ਨਾ ਹੋਣ ਦੀ ਜਾਂਚ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਮਾਮਲੇ ਵਿੱਚ ਪੁਲੀਸ ਕੋਲ ਸਰਕਾਰੀ ਗੱਡੀ ਲਾਜ਼ਮੀ ਹੈ।