ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 19 ਜੁਲਾਈ
ਲੋਕਹਿੱਤ ਮਿਸ਼ਨ ਦੇ ਆਗੂਆਂ ਦੀ ਅਗਵਾਈ ਵਿੱਚ ਅੱਜ ਵੱਡੀ ਗਿਣਤੀ ਇਕੱਠੇ ਹੋਏ ਕਿਸਾਨਾਂ ਨੇ ਮੁੱਲਾਂਪੁਰ ਗਰੀਬਦਾਸ-ਚੰਡੀਗੜ੍ਹ ਬੈਰੀਅਰ ਉੱਤੇ ਇਕੱਠੇ ਹੋ ਕੇ ਚੰਡੀਗੜ੍ਹ ਪੁਲੀਸ ਦੀਆਂ ਕਥਿਤ ਵਧੀਕੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਬੁਲਾਰਿਆਂ ਨੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਭਾਜਪਾ ਆਗੂਆਂ ਖ਼ਿਲਾਫ਼ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਜ਼ਾਹਿਰ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਵਾਪਸ ਲਏ ਜਾਣ ਤੇ ਕਿਸਾਨਾਂ ਦੇ ਘਰਾਂ ਵਿੱਚ ਪੁਲੀਸ ਛਾਪੇਮਾਰੀ ਮੁਹਿੰਮ ਬੰਦ ਕੀਤੀ ਜਾਵੇ। ਇਸੇ ਦੌਰਾਨ ਕਿਸਾਨ ਆਗੂਆਂ ਨੇ ਚੰਡੀਗੜ ਦੇ ਐੱਸਡੀਐੱਮ ਰਾਹੀਂ ਪੰਜਾਬ ਦੇ ਗਵਰਨਰ ਸਮੇਤ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਕੀਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ਤੇ ਦਰਜ ਕੀਤੇ ਨਾਜਾਇਜ਼ ਮੁਕੱਦਮੇ ਵਾਪਸ ਲਏ ਜਾਣ। ਉਨ੍ਹਾਂ ਲਿਖਿਆ ਕਿ ਦੇਸ਼ ਭਰ ਵਿੱਚ ਕਾਲੇ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਲੋਕ ਹਿੱਤ ਮਿਸ਼ਨ ਦੇ ਆਗੂ ਦਲਵਿੰਦਰ ਸਿੰਘ ਬੈਨੀਪਾਲ,ਰਵਿੰਦਰ ਸਿੰਘ ਬੈਂਸ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਸੁਰਜੀਤ ਸਿੰਘ ਸਲੇਮਪੁਰ,ਹਰਿੰਦਰ ਸਿੰਘ ਅੰਧਹੇੜੀ, ਜਗਤਾਰ ਸਿੰਘ ਮੁੰਧੋ ਸੰਗਤੀਆਂ, ਜਗਜੀਤ ਸਿੰਘ ਜੱਗੀ, ਜੈਂਟੀ ਕਾਦੀਮਾਜਰਾ, ਸੁਦਾਗਰ ਸਿੰਘ ਹੁਸ਼ਿਆਰਪੁਰ ਆਦਿ ਹਾਜ਼ਰ ਸਨ।