ਕਰਮਜੀਤ ਸਿੰਘ ਚਿੱਲਾ
ਬਨੂੜ, 26 ਨਵੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ‘ਦਿੱਲੀ ਚੱਲੋ’ ਦੇ ਦਿੱਤੇ ਸੱਦੇ ਤਹਿਤ ਅੱਜ ਇਸ ਖੇਤਰ ਵਿੱਚੋਂ ਦਰਜਨਾਂ ਟਰੈਕਟਰ ਟਰਾਲੀਆਂ ਰਾਹੀਂ ਸੈਂਕੜੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਮੁਹਾਲੀ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਦੀਆਂ ਸੈਂਕੜੇ ਟਰਾਲੀਆਂ ਵੀ ਸਾਰਾ ਦਿਨ ਬਨੂੜ ਤੋਂ ਸ਼ੰਭੂ ਅਤੇ ਝਰਮੜੀ ਬਾਰਡਰ ਨੂੰ ਜਾਣ ਲਈ ਇੱਥੋਂ ਧਰਮਗੜ੍ਹ ਅਤੇ ਤੇਪਲਾ ਵੱਲ ਲੰਘਦੀਆਂ ਰਹੀਆਂ।
ਬਨੂੜ ਖੇਤਰ ਦੀਆਂ ਸੜਕਾਂ ਸਾਰਾ ਦਿਨ ਕਿਸਾਨੀ ਸੰਘਰਸ਼ ਦੇ ਨਾਅਰਿਆਂ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਦੀਆਂ ਰਹੀਆਂ। ਪੁਲੀਸ ਨੇ ਬਨੂੜ ਬੈਰੀਅਰ ਉੱਤੋਂ ਕਿਸਾਨਾਂ ਦੇ ਟਰੈਕਟਰਾਂ ਟਰਾਲੀਆਂ ਤੋਂ ਇਲਾਵਾ ਤੇਪਲਾ-ਅੰਬਾਲਾ ਨੂੰ ਜਾਣ ਵਾਲੀ ਸਮੁੱਚੀ ਆਵਾਜਾਈ ਨੂੰ ਬੰਦ ਕੀਤਾ ਹੋਇਆ ਸੀ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸਥਿਤੀ ਉੱਤੇ ਨਜ਼ਰ ਰੱਖੀ ਹੋਈ ਸੀ।
ਮੁਹਾਲੀ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਅੱਜ ਬਨੂੜ ਬੈਰੀਅਰ ਉੱਤੇ ਇਕੱਤਰ ਹੋਏ ਅਤੇ ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਦੇ ਸੂਬਾਈ ਆਗੂ ਮੇਹਰ ਸਿੰਘ ਥੇੜ੍ਹੀ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਗਿਆਨ ਸਿੰਘ ਧੜਾਕ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਆਦਿ ਦੀ ਅਗਵਾਈ ਹੇਠ ਇੱਥੋਂ ਧਰਮਗੜ੍ਹ, ਮਨੌਲੀ ਸੂਰਤ, ਲਾਲੜੂ ਰਾਹੀਂ ਝਰਮੜੀ ਬਾਰਡਰ ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਿੱਲੀ ਤੋਂ ਪਰਤਣ ਦਾ ਐਲਾਨ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਕਿਸਾਨਾਂ ਨਾਲ ਸ਼ਿਰਕਤ ਕੀਤੀ। ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾਂ, ਕਰਤਾਰ ਸਿੰਘ ਨੰਡਿਆਲੀ, ਮੋਹਨ ਸਿੰਘ ਸੋਢੀ, ਸੱਤਪਾਲ ਸਿੰਘ ਸਰਪੰਚ ਰਾਜੋਮਾਜਰਾ ਦੀ ਅਗਵਾਈ ਹੇਠ ਵੱਡਾ ਜਥਾ ਬਨੂੜ ਤੋਂ ਸ਼ੰਭੂ ਬੈਰੀਅਰ ਰਾਹੀਂ ਦਿੱਲੀ ਲਈ ਤੁਰਿਆ। ਕਿਸਾਨਾਂ ਨੇ ਟਰਾਲੀਆਂ ਵਿੱਚ ਲੰਗਰ ਅਤੇ ਗਰਮ ਕੱਪੜੇ ਰੱਖੇ ਹੋਏ ਸਨ। ਇਸੇ ਦੌਰਾਨ ਹਰਫ਼ ਚੀਮਾ ਅਤੇ ਕੰਵਰ ਗਰੇਵਾਲ ਦਾ ਗੀਤ ‘ਖਿੱਚ ਲੈ ਜੱਟਾ, ਖਿੱਚ ਤਿਆਰੀ-ਪੰਗਾ ਪੈ ਗਿਆ ਸੈਂਟਰ ਨਾਲ’ ਉੱਚੀ ਆਵਾਜ਼ ਵਿੱਚ ਵੱਜ ਰਿਹਾ ਸੀ।
ਜੋਸ਼ੀਲੇ ਨੌਜਵਾਨਾਂ ਨੇ ਉਤਸ਼ਾਹ ਵਧਾਇਆ: ਅੱਜ ਬਨੂੜ ਖੇਤਰ ਵਿੱਚ ਦਿੱਲੀ ਲਈ ਲੰਘੇ ਹਜ਼ਾਰਾਂ ਕਿਸਾਨਾਂ ਵਿੱਚ ਬਹੁ-ਗਿਣਤੀ ਨੌਜਵਾਨਾਂ ਦੀ ਸੀ ਤੇ ਮਹਿਲਾਵਾਂ ਦੀ ਗਿਣਤੀ ਘੱਟ ਸੀ। ਇੱਥੋਂ ਸ਼ਾਮ ਤੱਕ ਲੰਘੇ ਤਿੰਨ ਸੌ ਦੇ ਕਰੀਬ ਟਰੈਕਟਰ-ਟਰਾਲੀਆਂ ਅਤੇ ਹੋਰ ਸੈਂਕੜੇ ਵਾਹਨਾਂ ਵਿੱਚ 80 ਫ਼ੀਸਦੀ ਤੋਂ ਵਧੇਰੇ ਨੌਜਵਾਨ ਸਨ। ਨੌਜਵਾਨਾਂ ਵਿੱਚ ਜੋਸ਼ ਨਜ਼ਰ ਆ ਰਿਹਾ ਸੀ ਤੇ ਉਹ ਟਰੈਕਟਰਾਂ-ਟਰਾਲੀਆਂ ਤੇ ਖੜ੍ਹੇ ਹੋ ਕੇ ਆਕਾਸ਼ ਗੰਜਾਊ ਨਾਅਰੇਬਾਜ਼ੀ ਕਰ ਰਹੇ ਸਨ।
ਰਾਸ਼ਨ ਤੇ ਕੱਪੜੇ ਲੈ ਕੇ ਰਵਾਨਾ ਹੋਏ ਕਿਸਾਨ
ਰੂਪਨਗਰ (ਬਹਾਦਰਜੀਤ ਸਿੰਘ): ਖੇਤੀ ਕਾਨੂੰਨਾਂ ਖਿਲਾਫ ਰੂਪਨਗਰ ਨੇੜੇ ਸੋਲਖੀਆਂ ਟੌਲ ਪਲਾਜ਼ਾ ਤੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਟਰੈਕਟਰ-ਟਰਾਲੀਆਂ ਵਿੱਚ ਸਵਾਰ ਹੋ ਕੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਕਿਸਾਨਾਂ ਨੇ ਕਿਹਾ ਕਿ ਉਹ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ ਅਤੇ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਉਣਗੇ। ਇਸੇ ਦੌਰਾਨ ਇਲਾਕਾ ਸੁਧਾਰ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਲੋਦੀਮਾਜਰਾ, ਜਨਰਲ ਸਕੱਤਰ ਰਣਜੀਤ ਸਿਘ ਪਤਿਆਲਾ ਨੇ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪਹਿਲਾ ਜੱਥਾ ਤਿੰਨ ਟਰਾਲੀਆਂ ਉੱਤੇ 45 ਵਿਅਕਤੀਆਂ ਨੂੰ ਲੈ ਕੇ ਦਿੱਲੀ ਗਿਆ ਹੈ। ਇਸੇ ਦੌਰਾਨ ਮਾਸਟਰ ਜਗਤਾਰ ਸਿੰਘ ਲੌਦੀਮਾਜਰਾ, ਰਾਮਲੋਕ ਸਿੰਘ ਬਹਾਦਰਪੁਰ, ਮੋਹਾਣ ਸਿੰਘ ਬਹਾਦਰਪੁਰ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਕਿਸਾਨ ਆਪਣੇ ਨਾਲ ਦੋ ਮਹੀਨਿਆਂ ਦਾ ਰਾਸ਼ਨ ਅਤੇ ਕੱਪੜੇ ਲੈ ਕੇ ਨਿਕਲੇ ਹਨ ਅਤੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਮੁੜਣਗੇ। ਰਣਜੀਤ ਸਿੰਘ ਪਤਿਆਲਾ ਨੇ ਦੱਸਿਆ ਕਿ ਇਲਾਕਾ ਸੁਧਾਰ ਕਮੇਟੀ ਵੱਲੋਂ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਫਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਭਾਕਿਯੂ ਪ੍ਰਧਾਨ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ
ਅੰਬਾਲਾ (ਰਤਨ ਸਿੰਘ ਢਿੱਲੋਂ): ਜੀਟੀ ਰੋਡ ਮੌਹੜਾ ਵਿਚ ਕਿਸਾਨਾਂ ਵੱਲੋਂ ਨਾਕੇ ਤੋੜ ਕੇ ਦਿੱਲੀ ਕੂਚ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਭਾਕਿਯੂ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਅਮਰਜੀਤ ਸਿੰਘ, ਜੈ ਸਿੰਘ ਤੇ ਉਸ ਦੇ ਲੜਕੇ, ਰਾਕੇਸ਼, ਨਵਦੀਪ ਅਤੇ ਹੋਰ ਸਾਥੀਆਂ ਦੇ ਖ਼ਿਲਾਫ਼ ਧਾਰਾ 147/149/332/186/269/270/279 ਅਤੇ 307 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਚੌਕੀ ਮੌਹੜਾ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਕਿਹਾ ਹੈ ਕਿ ਬੀਤੇ ਦਿਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਲਾਏ ਗਏ ਨਾਕੇ ’ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਨਾਲ ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ, ਕਾਰਾਂ ਅਤੇ ਹੋਰ ਵਾਹਨਾਂ ਨਾਲ ਨਾਕਾ ਤੋੜਦਿਆਂ, ਨਾਕੇ ’ਤੇ ਮੌਜੂਦ ਕ੍ਰਿਸ਼ਨ ਲਾਲ, ਸ਼ੇਰ ਸਿੰਘ, ਮਹਾਬੀਰ ਸਿੰਘ, ਨਵਨੀਤ ਸਿੰਘ ਅਤੇ ਹੋਰ ਮੁਲਾਜ਼ਮਾਂ ਉੱਪਰ ਟਰੈਕਟਰ-ਟਰਾਲੀਆਂ ਚੜ੍ਹਾਉਣ ਦੀ ਕੋਸ਼ਿਸ ਕਰਦਿਆਂ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਆਪਣੇ ਸਾਥੀਆਂ ਨਾਲ ਕੁਰੂਕਸ਼ੇਤਰ ਵੱਲ ਨਿਕਲ ਗਏ। ਇਨ੍ਹਾਂ ਲੋਕਾਂ ਨੇ ਕੋਵਿਡ-19 ਸਬੰਧੀ ਨਿਰਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ। ਪੁਲੀਸ ਮੁਲਾਜ਼ਮਾਂ ਨੂੰ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਪੜਾਓ ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਕੀਲਾਂ ਵੱਲੋਂ ਕਿਸਾਨਾਂ ਦੀ ਹਮਾਇਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਵਕੀਲ ਭਾਈਚਾਰ ਵੀ ਖੜ੍ਹਾ ਹੋ ਗਿਆ ਹੈ। ਲਾਇਰਜ਼ ਫਾਰ ਹਿਊਮੈਨਿਟੀ ਅਤੇ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਵੱਲੋਂ ਅੱਜ ਸੈਕਟਰ-43 ’ਚ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਕਿਸਾਨਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਫਿਲਮੀ ਅਦਾਕਾਰ ਯੋਗਰਾਜ ਵੀ ਹਾਜ਼ਰ ਹਨ। ਲਾਇਰਜ਼ ਫਾਰ ਹਿਊਮੈਨਿਟੀ ਦੇ ਪ੍ਰਧਾਨ ਰਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਖੇਤੀ ਕਾਨੂੰਨ ਲਿਆਉਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਮਸ਼ਵਰਾ ਕਰਨਾ ਚਾਹੀਦਾ ਸੀ।