ਪੱਤਰ ਪ੍ਰੇਰਕ
ਚੰਡੀਗੜ੍ਹ, 5 ਜੂਨ
ਚੰਡੀਗੜ੍ਹ ਇੰਜਨੀਅਰਿੰਗ ਵਿਭਾਗ ਦੇ ਰੋਡ ਵਰਕਰਾਂ ਨੇ ਤਨਖਾਹਾਂ ਸਬੰਧੀ ਵਧੀਆਂ ਡੀ.ਸੀ. ਦਰਾਂ ਦੀ ਨੋਟੀਫਿਕੇਸ਼ਨ ਜਾਰੀ ਕਰਵਾਉਣ, ਠੇਕਾ ਵਰਕਰਾਂ ਲਈ ਸੁਰੱਖਿਆ ਪਾਲਿਸੀ ਅਤੇ ‘ਬਰਾਬਰ ਕੰਮ, ਬਰਾਬਰ ਤਨਖਾਹ’ ਦੀ ਨੀਤੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਅੱਜ ਇੱਥੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਾਲ ਹੋਈ 27 ਮਈ ਦੀ ਮੀਟਿੰਗ ਦੇ ਫ਼ੈਸਲੇ ਅਨੁਸਾਰ ਵਧੀਆਂ ਡੀ.ਸੀ. ਦਰਾਂ ਸਬੰਧੀ ਨੋਟੀਫਿਕੇਸ਼ਨ ਤਰੁੰਤ ਜਾਰੀ ਹੋਣਾ ਚਾਹੀਦਾ ਹੈ।
ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਕੁਮਾਰ ਤੇ ਪੈਟਰਨ ਸ਼ਾਮ ਲਾਲ ਘਾਵਰੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਲਦੀ ਤੋਂ ਜਲਦੀ ਸੰਜੀਦਗੀ ਨਹੀਂ ਦਿਖਾਉਂਦਾ ਤਾਂ ਪੁਤਲੇ ਫੂਕ ਮੁਜ਼ਾਹਰੇ 20 ਜੂਨ ਤੱਕ ਜਾਰੀ ਰਹਿਣਗੇ ਅਤੇ 20 ਜੂਨ ਨੂੰ ਪੰਜਾਬ ਰਾਜਭਵਨ ਦੇ ਸਾਹਮਣੇ ਪੁਤਲਾ ਫੂਕਿਆ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹੋਵੇਗੀ।