ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 27 ਜਨਵਰੀ
ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਬਣਾਈ ਜਾ ਰਹੀ ਪੰਜਾਬ ਦੀ ਪਹਿਲੀ 80 ਫੁੱਟ ਚੌੜੀ ਲਿੰਕ ਸੜਕ ਉੱਤੇ ਪਿੰਡ ਬੜਮਾਜਰਾ ਦੀ ਸ਼ਾਮਲਾਤ ਜ਼ਮੀਨ ਸਮੇਤ ਨਾਲ ਲੱਗਦੀ ਲੋਕਾਂ ਦੀ ਮਾਲਕੀ ਵਾਲੀ ਝਗੜੇ ਵਾਲੀ ਜ਼ਮੀਨ ’ਚੋਂ ਮਿੱਟੀ ਚੁੱਕਣ ਦਾ ਮਾਮਲਾ ਭਖ ਗਿਆ ਹੈ। ਲੋਕਾਂ ਦੇ ਰੋਹ ਨੂੰ ਦੇਖਦਿਆਂ ਠੇਕੇਦਾਰ ਅਤੇ ਉਸ ਦੇ ਕਰਮਚਾਰੀ ਮਸ਼ੀਨਰੀ ਛੱਡ ਕੇ ਚਲੇ ਗਏ ਹਨ। ਪੰਚ ਗੁਰਦੇਵ ਸਿੰਘ, ਸਾਬਕਾ ਪੰਚ ਰਜਿੰਦਰ ਸਿੰਘ ਰਾਜੂ, ਬਚਿੱਤਰ ਸਿੰਘ, ਹਰਿੰਦਰ ਸਿੰਘ, ਗੁਰਜੀਤ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੜਮਾਜਰਾ ਦੀ 62 ਏਕੜ ਜ਼ਮੀਨ ’ਚੋਂ 23 ਏਕੜ ਜ਼ਮੀਨ ਦਾ ਫੈਸਲਾ ਡਾਇਰੈਕਟਰ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਹੱਕ ਵਿੱਚ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸ਼ਾਮਲਾਤ ਜ਼ਮੀਨ ਦਾ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਹੁਣ ਵੀ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਨਿਰਮਾਣ ਲਈ ਪਹਿਲਾਂ ਹੀ ਸਰਕਾਰ ਨੂੰ ਮੁਫ਼ਤ ਜ਼ਮੀਨ ਦਿੱਤੀ ਜਾ ਚੁੱਕੀ ਹੈ ਪਰ ਹੁਣ ਠੇਕੇਦਾਰ ਨੇ ਸੜਕ ਬਣਾਉਣ ਲਈ ਸ਼ਾਮਲਾਤ ਅਤੇ ਲੋਕਾਂ ਦੀ ਮਾਲਕੀ ਵਾਲੀ ਝਗੜੇ ਵਾਲੀ ਜ਼ਮੀਨ ’ਚੋਂ ਮੁਫ਼ਤ ਵਿੱਚ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਮੜ੍ਹੀਆਂ ’ਚੋਂ ਵੀ ਮਿੱਟੀ ਚੁੱਕੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸੜਕ ਬਣਾਉਣ ਦੇ ਖ਼ਿਲਾਫ਼ ਨਹੀਂ ਹਨ।
ਮਾਮਲਾ ਪੁਲੀਸ ਦੇ ਧਿਆਨ ’ਚ ਲਿਆਉਣ ਬਾਰੇ ਕੀਤਾ ਇਨਕਾਰ
ਬੜਮਾਜਰਾ ਦੀ ਮਹਿਲਾ ਸਰਪੰਚ ਦੇ ਪਤੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਫਿਲਹਾਲ ਸੜਕ ਦਾ ਕੰਮ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਬਾਰਸ਼ ਦਾ ਫਾਇਦਾ ਉਠਾਉਂਦੇ ਹੋਏ ਜ਼ਮੀਨ ’ਚੋਂ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਸ਼ਿਕਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਅਮਰੀਕ ਸਿੰਘ ਨੇ ਕਿਹਾ ਕਿ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋਏ ਹਨ ਅਤੇ ਉਹ ਪੁਲੀਸ ਕੋਲ ਜਾਣ ਨੂੰ ਕਹਿ ਰਹੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗਰਾਮ ਪੰਚਾਇਤ ਨੇ ਫਿਲਹਾਲ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।