ਡੇਰਾਬੱਸੀ (ਹਰਜੀਤ ਸਿੰਘ): ਇਥੋਂ ਦੇ ਪਿੰਡ ਭਗਵਾਨਪੁਰ ਦੀ ਲੰਘੇ 15 ਘੰਟੇ ਤੋਂ ਬਿਜਲੀ ਸਪਲਾਈ ਠੱਪ ਹੋਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅੱਜ ਬਰਵਾਲਾ ਸੜਕ ’ਤੇ ਜਾਮ ਲਾ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤਕਰੀਬਨ ਇਕ ਘੰਟੇ ਲਈ ਸੜਕ ’ਤੇ ਜਾਮ ਲਾ ਕੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਪ੍ਰੇਮ ਕੁਮਾਰ, ਕਮਲੇਸ਼ ਕੌਰ, ਗੁਰਮੀਤ ਕੌਰ, ਰਜਨੀ, ਪਰਮਜੀਤ ਕੌਰ, ਚਮਕੌਰ ਸਿੰਘ, ਸ਼ੇਰ ਸਿੰਘ, ਤਰਨਜੀਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਲੰਘੇ ਕੱਲ੍ਹ ਤੋਂ ਪਿੰਡ ਵਿੱਚ ਬਿਜਲੀ ਸਪਲਾਈ ਠੱਪ ਪਈ ਹੈ। ਅਤਿ ਦੀ ਗਰਮੀ ਵਿੱਚ ਬਿਨਾਂ ਬਿਜਲੀ ਤੋਂ ਗੁਜ਼ਾਰਾ ਕਰਨ ਵਿੱਚ ਭਾਰੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਠੱਪ ਹੋਣ ਤੋਂ ਤੁਰੰਤ ਬਾਅਦ ਪਾਵਰਕੌਮ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਲੰਮੇਂ ਸਮੇਂ ਬਾਅਦ ਵੀ ਸਪਲਾਈ ਬਹਾਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਗੱਲ ਕਰਨ ’ਤੇ ਪਾਵਰਕੌਮ ਦੇ ਅਧਿਕਾਰੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਹੇ। ਪਹਿਲਾਂ ਤਾਂ ਅਧਿਕਾਰੀ ਛੇਤੀ ਬਿਜਲੀ ਸਪਲਾਈ ਚਾਲੂ ਹੋਣ ਦੇ ਲਾਅਰੇ ਲਾਉਂਦੇ ਰਹੇ ਜਦ ਦੇਰ ਸ਼ਾਮ ਤੱਕ ਸਪਲਾਈ ਚਾਲੂ ਨਹੀਂ ਹੋਈ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਉਤਰਨਾ ਪਿਆ। ਜਾਮ ਕਾਰਨ ਸੜਕ ’ਤੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਜਾਮ ਵਿੱਚ ਫਸੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਪੁਲੀਸ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਪਲਾਈ ਚਾਲੂ ਕਰ ਲੋਕਾਂ ਨੂੰ ਸ਼ਾਂਤ ਕਰ ਜਾਮ ਖੁੱਲ੍ਹਵਾਇਆ। ਗੱਲ ਕਰਨ ’ਤੇ ਪਾਵਰਕੌਮ ਦੇ ਐਸ.ਡੀ.ਓ. ਅਮਨਪ੍ਰੀਤ ਸਿੰਘ ਮਾਵੀ ਨੇ ਦੱਸਿਆ ਕਿ ਲੰਘੀ ਰਾਤ ਤਰਕੀਬਨ ਡੇਢ ਵਜੇ ਬਿਜਲੀ ਦੀ ਕੇਬਲ ਸੜਨ ਕਾਰਨ ਸਪਲਾਈ ਠੱਪ ਹੋਈ ਸੀ। ਪਰ ਪਿੰਡ ਦੇ ਕਿਸੇ ਵਸਨੀਕ ਇਸ ਸਬੰਧੀ ਪਾਵਰਕੌਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਅੱਜ ਸਾਢੇ ਚਾਰ ਵਜੇ ਜਾਮ ਲਾਉਣ ਦੀ ਸੂਚਨਾ ਮਿਲੀ ਜਿਸ ਮਗਰੋਂ ਤੁਰੰਤ ਕੇਬਲ ਬਦਲ ਕੇ ਸਪਲਾਈ ਚਾਲੂ ਕਰ ਦਿੱਤੀ ਗਈ।
ਖਰੜ ’ਚ ਬਿਜਲੀ ਕੱਟਾਂ ਕਾਰਨ ਜਿਉੂਣਾ ਹੋਇਆ ਦੁੱਭਰ
ਖਰੜ (ਸ਼ਸ਼ੀਪਾਲ ਜੈਨ): ਇੱਕ ਪਾਸੇ ਅਤਿ ਦੀ ਗਰਮੀ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਕੰਮਲ ਤੌਰ ’ਤੇ ਬੰਦ ਹੋ ਰਿਹਾ ਹੈ ਦੂਜੇ ਪਾਸੇ ਖਰੜ ਦੇ ਵਧੇਰੇ ਖੇਤਰਾਂ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੱਛਲੇ 2-3 ਦਿਨਾਂ ਤੋਂ ਸ਼ਹਿਰ ਅੰਦਰ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ ਅਤੇ ਇਸ ਸਬੰਧੀ ਕਿਸੇ ਨੂੰ ਕੋਈ ਅਗਾਉਂ ਜਾਣਕਾਰੀ ਨਹੀਂ ਦਿੱਤੀ ਜਾਂਦੀ। ਲੋਕਾਂ ਵਿੱਚ ਇਸ ਗੱਲ ’ਤੇ ਵੀ ਰੋਸ ਹੈ ਕਿ ਅਧਿਕਾਰੀ ਉਨ੍ਹਾਂ ਦੇ ਫੋਨ ਨਹੀਂ ਚੁੱਕਦੇ। ਬਿਜਲੀ ਦੀ ਸਪਲਾਈ ਤੇ ਲੱਗ ਰਹੇ ਕੱਟਾਂ ਕਾਰਨ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਚੁੱਕੇ ਹਨ। ਵੱਖ-ਵੱਖ ਖੇਤਰ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਖੇਧੀ ਕਰਦੇ ਨਜ਼ਰ ਆਏ ਕਿ ਉਨ੍ਹਾਂ ਦੀ ਸ਼ਿਕਾਇਤ ਸੁਣਨ ਵਾਲਾ ਵੀ ਕੋਈ ਨਹੀਂ ਹੈ।