ਪੱਤਰ ਪ੍ਰੇਰਕ
ਬਨੂੜ, 13 ਅਗਸਤ
ਪਿੰਡ ਖਲੌਰ ਨੇੜੇ ਇਕ ਘੋੜਾ ਟਰਾਲੇ ਅਤੇ ਕਾਰ ਵਿਚਾਲੇ ਹੋਈ ਸਿੱਧੀ ਟੱਕਰ ’ਚ ਕਾਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਰਿਆਣਾ ਦੇ ਜ਼ਿਲ੍ਹਾ ਝੱਜਰ ਵਿੱਚ ਪੈਂਦੇ ਪਿੰਡ ਜੋਰੀ ਨਗਰ, ਬਹਾਦਰਗੜ੍ਹ ਦੇ ਤਿੰਨ ਦੋਸਤ ਕਿਸੇ ਨਿੱਜੀ ਕੰਮ ਤੋਂ ਕਾਰ ਵਿੱਚ ਸ਼ਿਮਲਾ ਜਾ ਰਹੇ ਸਨ। ਪਿੰਡ ਖਲੌਰ ਨੇੜੇ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆਉਂਦੇ ਘੋੜਾ ਟਰਾਲੇ ਨਾਲ ਟੱਕਰ ਹੋ ਗਈ। ਟੱਕਰ ਮਗਰੋਂ ਦੋਵੇਂ ਵਾਹਨ ਸੜਕ ਨਾਲ ਲੱਗਦੇ ਖਦਾਨਾਂ ਵਿੱਚ ਪਲਟ ਗਏ। ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਤਿੰਨੋਂ ਕਾਰ ਸਵਾਰ ਵਿਅਕਤੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 28 ਸਾਲਾ ਵਿਜੈ ਕੁਮਾਰ ਪੁੱਤਰ ਪ੍ਰੀਤਮ ਅਤੇ ਜ਼ਖ਼ਮੀਆਂ ਦੀ ਪਛਾਣ ਵਿਕਾਸ ਸੈਣੀ ਪੁੱਤਰ ਸੁਮੇਰ ਸਿੰਘ ਤੇ ਪ੍ਰਵੀਨ ਪੁੱਤਰ ਵਜ਼ੀਰ ਸਿੰਘ ਵਜੋਂ ਹੋਈ ਹੈ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ ਮੋਟਰਸਾਈਕਲ ਸਵਾਰਾਂ ’ਚ ਲਾਵਾਰਸ ਪਸ਼ੂਆਂ ਦੇ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਜ਼ਖ਼ਮੀ ਹੋ ਗਿਆ। ਜ਼ਖਮੀ ਹੋਏ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਪਿੱਪਲ ਮਾਜਰਾ ਤੋਂ ਗੁਰਮੁੱਖ ਸਿੰਘ ਨਾਲ ਮੋਟਰਸਾਈਕਲ ’ਤੇ ਇੱਥੇ ਗੁਰਦੁਆਰੇ ਮੱਥਾ ਟੇਕਣ ਆ ਰਿਹਾ ਸੀ। ਜਦੋਂ ਉਹ ਬੈਂਕ ਨੇੜੇ ਪਹੁੰਚੇ ਤਾਂ ਅਚਾਨਕ ਲਾਵਾਰਸ ਗਊਆਂ ਤੇ ਕੁੱਤੇ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਆ ਵੱਜੇ, ਜਿਸ ਕਾਰਨ ਗੁਰਮੁੱਖ ਸਿੰਘ (55) ਦੀ ਸੜਕ ’ਤੇ ਡਿੱਗਦੇ ਸਾਰ ਮੌਤ ਹੋ ਗਈ ਅਤੇ ਉਹ ਖ਼ੁਦ ਜ਼ਖ਼ਮੀ ਹੋ ਗਿਆ।
ਗੱਡੀ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਪਿੰਡ ਕਲਵਾਂ ਵਿੱਚ ਇਕ ਵਾਹਨ ਦੀ ਫੇਟ ਵੱਜਣ ਕਾਰਨ ਸੜਕ ਪਾਰ ਕਰ ਰਹੇ ਇਕ 59 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਤਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕਲਵਾਂ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੇ ਘਰ ਤੋਂ ਬੱਸ ਸਟੈਂਡ ਕਲਵਾਂ ਮੇਨ ਰੋਡ ’ਤੇ ਪਹੁੰਚਿਆ ਤਾਂ ਉਸ ਨੇ ਸੜਕ ਪਾਰ ਆਪਣੇ ਚਾਚੇ ਚੰਨਣ ਸਿੰਘ ਨੂੰ ਖੜ੍ਹਾ ਦੇਖਿਆ। ਉਸ ਨੇ ਆਪਣੇ ਚਾਚੇ ਨੂੰ ਕਿਸੇ ਕੰਮ ਲਈ ਆਵਾਜ਼ ਲਗਾਈ ਤਾਂ ਸੜਕ ਪਾਰ ਕਰਨ ਵੇਲੇ ਪਿੰਡ ਝੱਜ ਚੌਕ ਵੱਲੋਂ ਆ ਰਹੀ ਇਕ ਟਾਟਾ ਏਸ ਗੱਡੀ ਨੰਬਰ ਪੀਬੀ07ਸੀਏ-8263 ਦੇ ਚਾਲਕ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦਿਆਂ ਉਸ ਦੇ ਚਾਚੇ ਚੰਨਣ ਸਿੰਘ ਨੂੰ ਫੇਟ ਮਾਰੀ, ਜਿਸ ਕਾਰਨ ਉਸ ਦਾ ਚਾਚਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਤੋਂ ਬਾਅਦ ਰੂਪਨਗਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।