ਸਰਬਜੀਤ ਸਿੰਘ ਭੱਟੀ
ਲਾਲੜੂ, 23 ਅਕਤੂਬਰ
ਲਾਲੜੂ-ਬਨੂੜ ਲਿੰਕ ਸੜਕ ’ਤੇ ਪਿੰਡ ਲੈਹਲੀ ਨੇੜੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਅੱਜ ਸਵੇਰੇ ਮੌਤ ਹੋ ਗਈ। ਪੁਲੀਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੌਲਦਾਰ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਰਦੀਪ ਸਿੰਘ (33) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਸਲੇਮਪੁਰ ਨੱਗਲ, ਥਾਣਾ ਬਨੂੜ ਵਜੋਂ ਹੋਈ। ਉਹ ਅੱਜ ਸਵੇਰੇ ਆਪਣੇ ਤਾਏ ਦੇ ਮੁੰਡੇ ਨਾਲ ਮੋਟਰਸਾਈਕਲ ’ਤੇ ਦੀਵਾਲੀ ਦਾ ਸਾਮਾਨ ਲੈਣ ਲਈ ਲਾਲੜੂ ਮੰਡੀ ਆ ਰਿਹਾ ਸੀ। ਲੈਹਲੀ ਨੇੜੇ ਉਨ੍ਹਾਂ ਮੋਟਰਸਾਈਕਲ ਰੋਕ ਲਿਆ। ਉਹ ਮੋਟਰਸਾਈਕਲ ਕੋਲ ਖੜ੍ਹਾ ਰਿਹਾ ਤੇ ਉਸ ਦੇ ਤਾਏ ਦਾ ਮੁੰਡਾ ਛਿੰਦਾ ਸਿੰਘ ਪਿਸ਼ਾਬ ਕਰਨ ਚਲਾ ਗਿਆ। ਇੰਨੀ ਦੇਰ ਵਿੱਚ ਸਿਲੰਡਰਾਂ ਨਾਲ ਭਰੇ ਟਰੱਕ (ਨੰਬਰ ਪੀ.ਬੀ.11.ਏ.ਜੀ.8301) ਨੇ ਉਸ ਦੇ ਖੜ੍ਹੇ ਮੋਟਰਸਾਈਕਲ ਵਿੱਚ ਟੱਕਰ ਮਾਰੀ ਅਤੇ ਹਰਦੀਪ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਛਿੰਦਾ ਸਿੰਘ ਦੇ ਬਿਆਨ ’ਤੇ ਟਰੱਕ ਚਾਲਕ ਖ਼ਿਲਾਫ਼ ਧਾਰਾ 279, 304ਏ, 427 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੇਹ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਸੜਕ ਹਾਦਸੇ ਵਿੱਚ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਮਨੋਹਰਪੁਰ ਪਿੰਡ ਦੇ ਗੰਗਾ ਸਾਗਰ (21) ਵਜੋਂ ਹੋਈ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਚੌੜਮਸਤਪੁਰ ਸਥਿਤ ਨਿੱਜੀ ਕੰਪਨੀ ਵਿੱਚ ਮਜ਼ਦੂਰੀ ਕਰ ਰਿਹਾ ਸੀ। ਨੱਗਲ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਵਿਸ਼ਾਲ ਕੁਮਾਰ ਵਾਸੀ ਮਨੋਹਰਪੁਰ ਜ਼ਿਲ੍ਹਾ ਰੋਹਤਾਸ਼ (ਬਿਹਾਰ) ਨੇ ਦੱਸਿਆ ਕਿ ਉਹ ਹੋਰ ਮਜ਼ਦੂਰਾਂ ਨਾਲ ਅਗਰਵਾਲ ਫਰੋਕਾਸਟ ਚੌੜਮਸਤਪੁਰ ਵਿੱਚ ਮਜ਼ਦੂਰੀ ਕਰਦਾ ਹੈ। ਉਸ ਨਾਲ ਉਸ ਦੇ ਪਿੰਡ ਦਾ ਗੰਗਾ ਸਾਗਰ ਪੁੱਤਰ ਰਾਮਰਾਜ ਰਾਮ ਵੀ ਮਜ਼ਦੂਰੀ ਕਰਦਾ ਸੀ। ਕੱਲ੍ਹ ਸ਼ਾਮ 8 ਵਜੇ ਉਹ ਦੋ ਮਜ਼ਦੂਰ ਸਾਥੀਆਂ ਨਾਲ ਦੀਵਾਲੀ ਦਾ ਸਜਾਵਟੀ ਸਾਮਾਨ ਲੈਣ ਚੌੜਮਸਤਪੁਰ ਪੈਦਲ ਜਾ ਰਿਹਾ ਸੀ। ਚੌੜਮਸਤਪੁਰ ਵੱਲੋਂ ਮੋਟਰਸਾਈਕਲ ਸਵਾਰ ਨੇ ਪਿੱਛੇ ਚੱਲ ਰਹੇ ਗੰਗਾ ਸਾਗਰ ਨੂੰ ਟੱਕਰ ਮਾਰ ਦਿੱਤੀ। ਹਨੇਰੇ ਦਾ ਲਾਭ ਲੈਂਦਿਆਂ ਮੋਟਰਸਾਈਕਲ ਸਵਾਰ ਆਪਣਾ ਵਾਹਨ ਮੌਕੇ ’ਤੇ ਛੱਡ ਕੇ ਦੌੜ ਗਏ। ਗੰਭੀਰ ਹਾਲਤ ਵਿੱਚ ਗੰਗਾ ਸਾਗਰ ਨੂੰ ਪਹਿਲਾਂ ਚੌੜਮਸਤਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰ ਨੇ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਵਿੱਚ ਡਾਕਟਰ ਨੇ ਜਾਂਚ ਕਰਕੇ ਗੰਗਾ ਸਾਗਰ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਵਾਰੀਆਂ ਦਾ ਭਰਿਆ ਆਟੋ ਪਲਟਿਆ; ਛੇ ਜਣੇ ਜ਼ਖ਼ਮੀ
ਕੁਰਾਲੀ (ਪੱਤਰ ਪ੍ਰੇਰਕ): ਸ਼ਹਿਰ ਦੀ ਹੱਦ ਅੰਦਰ ਹੋਏ ਸੜਕ ਹਾਦਸੇ ਵਿੱਚ ਬੇਕਾਬੂ ਮੋਟਰਸਾਈਕਲ ਨੇ ਮੋਟਰਸਾਈਕਲ ਤੇ ਆਟੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਸਵਾਰੀਆਂ ਨਾਲ ਭਰਿਆ ਤਿੰਨ ਪਹੀਆ ਆਟੋ ਪਲਟ ਗਿਆ। ਇਸ ਹਾਦਸੇ ਦੌਰਾਨ ਛੇ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਇਹ ਹਾਦਸਾ ਕੁਰਾਲੀ-ਖਰੜ ਕੌਮੀ ਮਾਰਗ ਉੱਤੇ ਤਨਵੀਰ ਹੋਟਲ ਦੇ ਨੇੜੇ ਅੱਜ ਬਾਅਦ ਦੁਪਹਿਰ ਵਾਪਰਿਆ।