ਮਿਹਰ ਸਿੰਘ
ਕੁਰਾਲੀ, 7 ਸਤੰਬਰ
ਸਥਾਨਕ ਸ਼ਹਿਰ ਦੀ ਹੱਦ ਅੰਦਰ ਰੇਲਵੇ ਫਲਾਈਓਵਰ ’ਤੇ ਹੋਏ ਸੜਕ ਹਾਦਸੇ ਦੌਰਾਨ ਦੋ ਵਾਹਨ ਟਕਰਾ ਕੇ ਪੁਲ ਦੀ ਰੇਲਿੰਗ ’ਤੇ ਜਾ ਲਟਕੇ। ਇਸੇ ਦੌਰਾਨ ਇੱਕ ਟਰੱਕ ਨੇ ਬੇਕਾਬੂ ਹੋ ਕੇ ਮੋਟਰਸਾਈਕਲ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਰੂਪਨਗਰ ਵੱਲੋਂ ਆ ਰਹੇ ਆਕਸੀਜ਼ਨ ਵਾਲਾ ਟੈਂਕਰ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਰਕਾ ਗਿਆ। ਦੋਵੇਂ ਭਾਰੇ ਵਾਹਨਾਂ ਦੇ ਤੰਗ ਪੁਲ ’ਤੇ ਖਹਿ ਜਾਣ ਕਾਰਨ ਦੋਵੇਂ ਟਰੱਕ ਬੇਕਾਬੂ ਹੋ ਗਏ ਅਤੇ ਦੋਵੇਂ ਪਾਸੇ ਬਣੀ ਪੁਲ ਦੀ ਰੇਲਿੰਗ ਨੂੰ ਤੋੜਦੇ ਹੋਏ ਸਰਵਿਸ ਰੋਡ ਵੱਲ ਲਟਕ ਗਏ। ਇਸ ਹਾਦਸੇ ਦੌਰਾਨ ਹੀ ਆਕਸੀਜ਼ਨ ਵਾਲਾ ਟੈਂਕਰ ਮੋਟਰਸਾਈਕਲ ਨੂੰ ਚਾਲਕ ਸਮੇਤ ਪੁਲ ਦੀ ਉੱਪਰਲੀ ਸੜਕ ਤੋਂ ਸਰਵਿਸ ਰੋਡ ਤੱਕ ਧੂਹ ਕੇ ਲੈ ਗਿਆ। ਮੋਟਰਸਈਕਲ ਤੇ ਜ਼ਖ਼ਮੀ ਨੂੰ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਟੈਂਕਰ ਹੇਠੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਜ਼ਖ਼ਮੀ ਮੋਟਰਸਾਈਕਲ ਚਾਲਕ ਦੀ ਪਛਾਣ ਸਰਵਣ ਕੁਮਾਰ ਨਿਵਾਸੀ ਕੋਟਲਾ ਨਿਹੰਗ ਵਜੋਂ ਹੋਈ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਕਾਫੀ ਤੰਗ ਰੇਲਵੇ ਫਲਾਈਓਵਰ ’ਤੇ ਹੋਏ ਹਾਦਸੇ ਕਾਰਨ ਕੌਮੀ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਜਦਕਿ ਸ਼ਹਿਰ ਦੀ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸਰਵਿਸ ਰੋਡ ’ਤੇ ਵੀ ਜਾਮ ਦੀ ਸਥਿਤੀ ਬਣ ਗਈ। ਇਸ ਕਾਰਨ ਰੂਪਨਗਰ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਮੋਰਿੰਡਾ ਰੋਡ ਤੋਂ ਬਾਈਪਾਸ ਰਾਹੀਂ ਡਾਈਵਰਟ ਕਰਨਾ ਪਿਆ। ਮੌਕੇ ’ਤੇ ਪੁੱਜੀ ਸਥਾਨਕ ਸਿਟੀ ਪੁਲੀਸ ਨੇ ਮੁਢਲੀ ਜਾਂਚ ਉਪਰੰਤ ਹਾਸਦਾਗ੍ਰਸਤ ਵਾਹਨਾਂ ਨੂੰ ਪਾਸੇ ਹਟਾ ਕੇ ਆਵਾਜਾਈ ਬਹਾਲ ਕਰਵਾਈ। ਟੈਂਕਰ ਦਾ ਚਾਲਕ ਫਰਾਰ ਦੱਸਿਆ ਜਾਂਦਾ ਹੈ। ਸਿਟੀ ਪੁਲੀਸ ਨੇ ਦੱਸਿਆ ਕਿ ਹਾਦਸੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਨਰਾਇਣਗੜ੍ਹ-ਸ਼ਾਹਜ਼ਾਦਪੁਰ ਸੜਕ ’ਤੇ ਵਾਪਰੇ ਹਾਦਸੇ ਵਿਚ ਗਡਾਰਾ ਜ਼ਿਲ੍ਹਾ ਟਿਹਰੀ ਗੜ੍ਹਵਾਲ ਦੇ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਪਿਆਰੀ ਦੇਵੀ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਪਟਿਆਲਾ ਨਿਵਾਸੀ ਅਰਸ਼ਦੀਪ ਜ਼ਖ਼ਮੀ ਹੋ ਗਿਆ। ਸ਼ਾਹਜ਼ਾਦਪੁਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਮਕਾਨ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੇ ਮਾਤਾ-ਪਿਤਾ ਕਿਰਾਏ ਦੀ ਕਾਰ ਵਿਚ ਪਟਿਆਲਾ ਆ ਰਹੇ ਸਨ। ਲੰਘੀ ਰਾਤ 10.40 ਵਜੇ ਦੇ ਕਰੀਬ ਜਦੋਂ ਉਨ੍ਹਾਂ ਦੀ ਕਾਰ ਨਰਾਇਣਗੜ੍ਹ-ਸ਼ਾਹਜ਼ਾਦਪੁਰ ਰੋਡ ’ਤੇ ਬਨੌਂਦੀ ਖੰਡ ਮਿੱਲ ਕੋਲ ਪਹੁੰਚੀ ਤਾਂ ਸ਼ਾਹਜ਼ਾਦਪੁਰ ਵੱਲੋਂ ਜਾ ਰਹੀ ਸਕਾਰਪੀਓ ਦੇ ਚਾਲਕ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਰਾਹਗੀਰਾਂ ਨੇ ਉਸ ਦੇ ਪਿਤਾ ਪ੍ਰਤਾਪ ਸਿੰਘ, ਮਾਤਾ ਪਿਆਰੀ ਦੇਵੀ ਅਤੇ ਚਾਲਕ ਅਰਸ਼ਦੀਪ ਨੂੰ ਸੀਐਚਸੀ ਸ਼ਾਹਜ਼ਾਦਪੁਰ ਪਹੁੰਚਾਇਆ ਜਿੱਥੇ ਪਿਆਰੀ ਦੇਵੀ ਦੀ ਮੌਤ ਹੋ ਗਈ। ਉਸ ਦੇ ਪਿਤਾ ਨੂੰ ਸਿਵਲ ਹਸਪਤਾਲ ਅੰਬਾਲਾ ਰੈਫ਼ਰ ਕੀਤਾ ਗਿਆ ਜਿੱਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਸ਼ਿਕਾਇਤ ਦੇ ਆਧਾਰ ’ਤੇ ਸ਼ਾਹਜ਼ਾਦਪੁਰ ਪੁਲੀਸ ਨੇ ਸਕਾਰਪੀਓ ਦੇ ਚਾਲਕ ਪਵਨ ਕੁਮਾਰ, ਪਿੰਡ ਪੁਲੇਵਾਲ ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਦੌਰਾਨ ਇਕ ਜਣੇ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪਹਿਲੀ ਘਟਨਾ ਸੈਕਟਰ-35 ਸੀ ਵਿੱਚ ਵਾਪਰੀ ਹੈ, ਜਿੱਥੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ ਐਕਟਿਵਾ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮੋਨੂੰ ਵਾਸੀ ਸੈਕਟਰ-52 ਵਜੋਂ ਹੋਈ ਹੈ।
ਦੂਜੀ ਘਟਨਾ ਸੈਕਟਰ-25 ਵਿੱਚ ਵਾਪਰੀ ਹੈ, ਜਿੱਥੇ ਥ੍ਰੀ ਵਹੀਲਰ ਚਾਲਕ ਦੀ ਚਪੇਟ ਵਿੱਚ ਆਉਣ ਨਾਲ ਪੈਦਲ ਗੁਜ਼ਰ ਰਹੀ ਔਰਤ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਸੈਕਟਰ-11 ਦੀ ਪੁਲੀਸ ਨੇ ਥ੍ਰੀ ਵਹੀਲਰ ਚਾਲਕ ਰਾਜੇਸ਼ ਵਾਸੀ ਸੈਕਟਰ-25 ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।