ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 18 ਅਪਰੈਲ
ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਨਦੀਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਡਿੱਗ ਰਹੇ ਗੰਦੇ ਪਾਣੀ ਨੂੰ ਜਲਦੀ ਹੀ ਬੰਦ ਕਰਵਾ ਕੇ ਸਾਰੀਆਂ ਨਦੀਆਂ, ਨਹਿਰਾਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਦਿੱਤਾ ਜਾਵੇਗਾ। ਹਲਕਾ ਵਿਧਾਇਕ ਨੇ ਇਹ ਦਾਅਵਾ ਇੱਥੇ ਚਮਕੌਰ ਸਾਹਿਬ ਵਿੱਚੋਂ ਗੁਜ਼ਰਦੀ ਸਰਹਿੰਦ ਨਹਿਰ ਵਿੱਚ ਡਿੱਗ ਰਹੇ ਸੀਵਰੇਜ ਦੇ ਪਾਣੀ ਦਾ ਜਾਇਜ਼ਾ ਲੈਣ ਉਪਰੰਤ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਹੱਲ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਹੀ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਹਦਾਇਤ ਕੀਤੀ ਗਈ ਕਿ ਸਰਹਿੰਦ ਨਹਿਰ ਵਿੱਚ ਪੈ ਰਹੇ ਸੀਵਰੇਜ ਦੇ ਪਾਣੀ ਨੂੰ ਤੁਰੰਤ ਰੋਕ ਕੇ ਕੋਈ ਹੋਰ ਹੱਲ ਕੱਢਿਆ ਜਾਵੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਚਮਕੌਰ ਸਾਹਿਬ ਵਿੱਚ ਸੀਵਰੇਜ ਵਿਭਾਗ ਵਲੋਂ ਬਕਾਇਦਾ ਟਰੀਟਮੈਂਟ ਪਲਾਂਟ ਬਣਾਇਆ ਗਿਆ ਹੈ ਪਰ ਫਿਰ ਵੀ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਇਸ ਟਰੀਟਮੈਂਟ ਪਲਾਂਟ ਵਿੱਚ ਨਹੀਂ ਸੁੱਟਿਆ ਜਾ ਰਿਹਾ ਸਗੋਂ ਇਹ ਸਰਹਿੰਦ ਨਹਿਰ ਵਿੱਚ ਪੈ ਕੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਦੀਆਂ, ਨਹਿਰਾਂ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਗੰਦੇ ਪਾਣੀ ਦੀ ਪੈ ਰਹੀ ਮਾਰ ਤੋਂ ਬਣਾਉਣ ਲਈ ਜਲਦੀ ਇੱਕ ਯੋਜਨਾ ਲਿਆਵੇਗੀ।