ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 27 ਸਤੰਬਰ
ਤਿਉਹਾਰਾਂ ਨੂੰ ਦੇਖਦਿਆਂ ਆਵਾਜਾਈ ਪ੍ਰਬੰਧਾਂ ਸਬੰਧੀ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਵੱਲੋਂ ਅੱਜ ਜ਼ੀਰਕਪੁਰ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਸ੍ਰੀ ਗੁਪਤਾ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ’ਤੇ ਆ ਰਹੀ ਜਾਮ ਦੀ ਸਮੱਸਿਆ ਨੂੰ ਦੇਖਦਿਆਂ ਕੁਝ ਨਵੇਂ ਪ੍ਰਬੰਧ ਕੀਤੇ ਗਏ ਹਨ, ਜਿਸ ਨਾਲ ਜਾਮ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਰੋਡ ’ਤੇ ਚਾਰ ਥਾਵਾਂ ’ਤੇ ਟਰੈਫਿਕ ਲਾਈਟਾਂ ਸਥਾਪਤ ਕਰਨ ਲਈ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਦੋ ਹਫ਼ਤਿਆਂ ਵਿੱਚ ਲਾਈਟਾਂ ਸਥਾਪਤ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚਾਰ ਪੁਆਇੰਟ ਏਅਰਫੋਰਸ ਹਾਈ ਗਰਾਊਂਡ ਮੋੜ, ਵੀਆਈਪੀ ਰੋਡ, ਲੋਹਗੜ੍ਹ ਮੋੜ ਅਤੇ ਦਿਆਲਪੁਰਾ ਮੋੜ ਹਨ। ਇਸ ਤੋਂ ਇਲਾਵਾ ਵੀਆਈਪੀ ਰੋਡ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਤੁਰੰਤ ਨਾਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ। ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਵੀ ਫਲਾਈਓਵਰ ਦੇ ਹੇਠਾਂ ਨਗਰ ਕੌਂਸਲ ਅਤੇ ਪੁਲੀਸ ਸਟੇਸ਼ਨ ਨੂੰ ਜਾਣ ਵਾਲੇ ਕੋਹਿਨੂਰ ਢਾਬੇ ਵਾਲੇ ਮੋੜ ’ਤੇ ਟਰੈਫਿਕ ਲਾਈਟਾਂ ਲਾਉਣ ਦੀ ਯੋਜਨਾ ਉਲੀਕੀ ਗਈ ਹੈ।