ਸੰਜੀਵ ਤੇਜਪਾਲ
ਮੋਰਿੰਡਾ, 28 ਮਈ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇਥੋਂ ਦੇ ਰੇਲਵੇ ਅੰਡਰਬ੍ਰਿਜ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਅੰਡਰਬ੍ਰਿਜ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇ। ਇਸ ਮੌਕੇ ਹਲਕਾ ਇੰਚਾਰਜ ਖਰੜ ਵਿਜੇ ਕੁਮਾਰ ਟਿੰਕੂ ਤੇ ਐੱਸਡੀਐੱਮ ਜਸਬੀਰ ਸਿੰਘ ਵੀ ਮੌਜੂਦ ਸਨ।
ਸ੍ਰੀ ਤਿਵਾੜੀ ਨੇ ਕਿਹਾ ਕਿ ਸਾਲ 2011 ਵਿੱਚ ਨਗਰ ਕੌਂਸਲ ਮੋਰਿੰਡਾ ਦੇ ਤਤਕਾਲੀ ਪ੍ਰਧਾਨ ਵਿਜੇ ਕੁਮਾਰ ਟਿੰਕੂ ਨੇ ਤਤਕਾਲੀ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਮਿਲ ਕੇ ਮੋਰਿੰਡਾ ਵਿੱਚ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ। ਸ੍ਰੀ ਬਾਂਸਲ ਨੇ ਇਸ ਅੰਡਰਬ੍ਰਿਜ ਦੀ ਮੁੱਢਲੀ ਉਸਾਰੀ ਪ੍ਰੀਕਿਰਿਆ ਸ਼ੁਰੂ ਕਰਵਾ ਦਿੱਤੀ ਸੀ ਜੋ ਹੁਣ ਅੰਤਿਮ ਪੜਾਅ ’ਤੇ ਹੈ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਉਹ ਕੇਂਦਰੀ ਰੇਲਵੇ ਮੰਤਰਾਲੇ ਨਾਲ ਤਾਲਮੇਲ ਪੈਦਾ ਕਰਕੇ ਬਾਕੀ ਰਹਿੰਦੇ ਕੰਮ ਨੂੰ ਜਲਦੀ ਪੂਰਾ ਕਰਵਾਉਣਗੇ। ਅਧਿਕਾਰੀਆਂ ਨੇ ਦੱਸਿਆ ਗਿਆ ਹੈ ਕਿ ਰੇਲਵੇ ਵਿਭਾਗ ਵੱਲੋਂ ਆਪਣਾ ਕੰਮ ਪੂਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਆਉਣ ਵਾਲੇ ਪੰਦਰਾਂ ਦਿਨਾਂ ਵਿੱਚ ਮੁਕੰਮਲ ਕਰਕੇ ਅੰਡਰਬ੍ਰਿਜ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।
ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਅਤੇ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਟਰੇਨ ਦੇ ਮੋਰਿੰਡਾ ਵਿੱਚ ਨਾ ਰੁੱਕਣ ਸਬੰਧੀ ਸ੍ਰੀ ਤਿਵਾੜੀ ਨੇ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਰੇਲਵੇ ਮੰਤਰੀ ਨੂੰ ਮਿਲਣਗੇ।
ਇਸ ਤੋਂ ਪਹਿਲਾਂ ਵਿਜੇ ਕੁਮਾਰ ਟਿੰਕੂ ਨੇ ਮਨੀਸ਼ ਤਿਵਾੜੀ ਨੂੰ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਇਹ ਅੰਡਰਬ੍ਰਿਜ ਕਾਂਗਰਸ ਸਰਕਾਰ ਦੀ ਦੇਣ ਹੈ।
ਇਸ ਮੌਕੇ ਈਓ ਅਸ਼ੋਕ ਪਥੇਰੀਆ, ਡਾ. ਬਚਨ ਲਾਲ ਵਰਮਾ, ਦਰਸ਼ਨ ਸਿੰਘ ਸੰਧੂ ਬਲਾਕ ਪ੍ਰਧਾਨ, ਧਰਮਪਾਲ ਥੰਮਨ ਸ਼ਹਿਰੀ ਪ੍ਰਧਾਨ ਮੋਰਿੰਡਾ ਹਾਜ਼ਰ ਸਨ।