ਮੁਕੇਸ਼ ਕੁਮਾਰ
ਚੰਡੀਗੜ੍ਹ, 13 ਮਈ
ਸੰਸਦ ਮੈਂਬਰ ਕਿਰਨ ਖੇਰ ਨੇ ‘ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਕੰਪਨੀ’ ਵੱਲੋਂ ਸ਼ਹਿਰ ਵਿੱਚ ਚਲਾਏ ਜਾ ਰਹੇ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਅਤੇ ਪ੍ਰਗਤੀ ਜਾਨਣ ਬਾਰੇ ਅੱਜ ਸਮੀਖਿਆ ਮੀਟਿੰਗ ਕੀਤੀ। ਚੰਡੀਗੜ੍ਹ ਸਮਾਰਟ ਸਿਟੀ ਐਡਵਾਈਜ਼ਰੀ ਫੋਰਮ ਵੱਲੋਂ ਕਰਵਾਈ ਗਈ ਇਸ ਸਮੀਖਿਆ ਮੀਟਿੰਗ ਵਿੱਚ ਸਮਾਰਟ ਸਿਟੀ ਕੰਪਨੀ ਲਿਮਿਟਡ ਦੀ ਸੀਈਓ ਅਤੇ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਵੀ ਭਾਗ ਲਿਆ। ਉਨ੍ਹਾਂ ਨੇ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਸੰਖੇਪ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਸ਼ਹਿਰ ਵਿੱਚ ਨਵੇਂ ਉਦਘਾਟਨ ਕੀਤੇ ਗਏ ਇਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਰਾਹੀਂ ਨਿਗਰਾਨੀ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸ੍ਰੀਮਤੀ ਖੇਰ ਨੂੰ ਜਾਣੂ ਕਰਵਾਇਆ।
ਇਸ ਮਗਰੋਂ ਸੰਸਦ ਕਿਰਨ ਖੇਰ ਨੇ ਸਕੂਲਾਂ ਵਿੱਚ ਕੂੜਾ ਪ੍ਰਬੰਧਨ, ਪਾਣੀ ਦੀ ਸੰਭਾਲ ਆਦਿ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਸੁਝਾਅ ਦਿੱਤਾ। ਮੀਟਿੰਗ ਦੌਰਾਨ ਸ਼ਹਿਰ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਧੀਨ ਪ੍ਰਾਜੈਕਟਾਂ ’ਤੇ ਸੰਖੇਪ ਚਰਚਾ ਕਰਵਾਈ ਗਈ। ਇਸੇ ਤਰ੍ਹਾਂ ਆਨਲਾਈਨ ਨਿਗਰਾਨੀ ਲਈ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਵਿੱਚ ਜੀਪੀਐੱਸ ਯੰਤਰ ਲਗਾਉਣੇ, ਘਰਾਂ ਤੋਂ ਇਕੱਠੇ ਕੀਤੇ ਗਏ ਕੂੜੇ ਨੂੰ ਪ੍ਰਾਸੈਸਿੰਗ ਸੈਂਟਰਾਂ ਵਿੱਚ ਸੁੱਕੇ, ਗਿੱਲੇ, ਖਤਰਨਾਕ ਅਤੇ ਸੈਨੇਟਰੀ ਵੇਸਟ ਨੂੰ ਵੱਖ ਵੱਖ ਕਰਕੇ ਪਹੁੰਚਾਉਣ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਲਾਗੂ ਕੀਤੇ ਜਾ ਰਹੇ ਹੋਰ ਪ੍ਰਮੁੱਖ ਪ੍ਰਾਜੈਕਟਾਂ ਜਿਨ੍ਹਾਂ ਵਿੱਚ ਨਿਰੰਤਰ ਜਲ ਸਪਲਾਈ, ਸ਼ਹਿਰ ਦੀਆਂ ਪੰਜ ਥਾਵਾਂ ’ਤੇ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਅਤੇ ਮੌਜੂਦਾ ਜਨਤਕ ਪਖਾਨਿਆਂ ਦੇ ਨਵੀਨੀਕਰਨ ਬਾਰੇ ਵੀ ਚਰਚਾ ਕੀਤੀ ਗਈ।
ਇਸ ਸਮੀਖਿਆ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਸਣੇ ਸਮਾਰਟ ਸਿਟੀ ਕੰਪਨੀ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਵੇਸਟ ਪਲਾਂਟ ਵਿੱਚ ਬਲਾਕ ਮੇਕਿੰਗ ਮਸ਼ੀਨ ਦਾ ਉਦਘਾਟਨ
ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਇੱਥੇ ਸਨਅਤੀ ਖੇਤਰ ਸਥਿਤ ਨਗਰ ਨਿਗਮ ਦੇ ਸੀਐਂਡਡੀ ਵੇਸਟ ਪਲਾਂਟ ਵਿੱਚ ਆਟੋਮੈਟਿਕ ਬਲਾਕ ਮੇਕਿੰਗ ਮਸ਼ੀਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਤੀ ਦਿਨ ਲਗਭਗ 12000 ਤੋਂ 15000 ਪੇਵਰ ਬਲਾਕ ਦੀ ਸਮਰੱਥਾ ਵਾਲੀ ਇਹ ਮਸ਼ੀਨ ਨਾ ਸਿਰਫ਼ ਨਗਰ ਨਿਗਮ ਲਈ ਸਗੋਂ ਪੂਰੇ ਸ਼ਹਿਰ ਲਈ ਵੀ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਉਸਾਰੀਆਂ ਵਿੱਚ ਬਲਾਕ ਮੇਕਿੰਗ ਮਸ਼ੀਨ ਦੀ ਵਰਤੋਂ ਸਾਲਾਂ ਤੋਂ ਵੱਧ ਰਹੀ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸ਼ਹਿਰ ਵਿੱਚ ਮਲਬੇ ਦੀ ਢੋਆ-ਢੁਆਈ ਲਈ ਵਿਸ਼ੇਸ਼ ਪ੍ਰਣਾਲੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਵਾਹਨ 250 ਕਿਊਬਿਕ ਫੁੱਟ ਸੀਐਂਡਡੀ ਵੇਸਟ ਉਠਾਏਗਾ ਤਾਂ ਜੋ ਇਸ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸੀ ਮਲਬੇ ਨੂੰ ਸ਼ਹਿਰ ਵਿੱਚ ਬਣਾਏ ਗਏ 23 ਕੁਲੈਕਸ਼ਨ ਸੈਂਟਰਾਂ ਤੱਕ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਕਰੀਟ ਬਲਾਕਾਂ ਨੂੰ ਆਟੋਮੈਟਿਕ ਮਸ਼ੀਨ ਵਿੱਚ ਵੱਖ-ਵੱਖ ਕਿਸਮਾਂ ਦੇ ਮੋਲਡ ਅਤੇ ਰੈਮ ਨੂੰ ਫਿਕਸ ਕਰਕੇ ਇੱਕਸਾਰ ਗੁਣਵੱਤਾ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਆਟੋਮੈਟਿਕ ਬਲਾਕ ਮੇਕਿੰਗ ਮਸ਼ੀਨ ਵਿੱਚ ਵੱਡੇ ਅਤੇ ਛੋਟੇ ਆਕਾਰ ਦੇ ਕਰਵ ਚੈਨਲ, ਪੇਵਰ ਬਲਾਕ ਅਤੇ 80 ਪੀਸੀਸੀ ਇੱਟਾਂ ਸਮੇਤ ਵੱਖ ਵੱਖ ਕੰਕਰੀਟ ਉਤਪਾਦ ਤਿਆਰ ਕੀਤੇ ਜਾਣਗੇ। ਨਿਗਮ ਕਮਿਸ਼ਨਰ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਲਾਜ਼ਮੀ ਕੀਤਾ ਹੈ ਕਿ ਚੰਡੀਗੜ੍ਹ ਦੇ ਸਾਰੇ ਵਿਭਾਗ ਉਸਾਰੀ ਕੰਮਾਂ ਵਿੱਚ ਸੀਐਂਡਡੀ ਵੇਸਟ ਪਲਾਂਟ ਤੋਂ ਬਣੇ ਬਲਾਕਾਂ ਦੀ ਹੀ ਵਰਤੋਂ ਕਰਨਗੇ। ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਤੋਂ ਇਲਾਵਾ ਡਿਪਟੀ ਮੇਅਰ ਅਨੂਪ ਗੁਪਤਾ, ਇਲਾਕਾ ਕੌਂਸਲਰ ਵਿਮਲਾ ਦੂਬੇ ਹਾਜ਼ਰ ਸਨ।