ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਅਗਸਤ
ਚੰਡੀਗੜ੍ਹ ਸਮਾਰਟ ਸਿਟੀ ਐਡਵਾਈਜ਼ਰੀ ਫੋਰਮ ਦੀ ਅੱਜ ਹੋਈ ਇੱਕ ਸਮੀਖਿਆ ਮੀਟਿੰਗ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੁਆਰਾ ਚਲਾਏ ਜਾ ਰਹੇ ਸਾਰੇ ਪ੍ਰਾਜੈਕਟਾਂ ਦੀ ਤਾਜ਼ਾ ਸਥਿਤੀ ਤੇ ਪ੍ਰਗਤੀ ਰਿਪੋਰਟ ਦੀ ਸਮੀਖਿਆ ਕੀਤੀ। ਮੀਟਿੰਗ ’ਚ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਸਾਰੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਚੰਡੀਗੜ੍ਹ ਸਮਾਰਟ ਸਿਟੀ ਲਿਮ. ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਰਟ ਸਿਟੀ ਕੰਪਨੀ ਦੀ ਸੀਈਓ ਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਚੇਅਰਪਰਸਨ ਨੂੰ ਸਾਰੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੇ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ’ਚ ਕੂੜੇ ਦੇ ਵੱਡੇ ਪਹਾੜ ਬਾਰੇ ਚਿੰਤਾ ਜ਼ਾਹਰ ਕੀਤੀ, ਪਰ ਇਸਦੇ ਨਾਲ ਹੀ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਦੂਜੇ ਡੰਪ ਦੀ ਬਾਇਓਰੀਮੇਡੀਏਸ਼ਨ ਲਈ ਟੈਂਡਰ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸੰਸਦ ਮੈਂਬਰ ਨੇ ਸ਼ਹਿਰ ਦੇ ਐਸਟੀਪੀਜ਼ ਦੇ ਅਪਗ੍ਰੇਡ ਹੋਣ ਤੋਂ ਬਾਅਦ ਪਾਣੀ ਦੀ ਗੁਣਵੱਤਾ ਬਾਰੇ ਜਾਣਕਾਰੀ ਲਈ, ਜਿਸਨੂੰ ਲੈ ਕੇ ਸਮਾਰਟ ਸਿਟੀ ਕੰਪਨੀ ਦੇ ਸੀਜੀਐੱਮ ਐਨ ਪੀ ਸ਼ਰਮਾ ਨੇ ਕਿਹਾ ਕਿ ਬੀਓਡੀ 5 ਗ੍ਰੇਡ ਦੀ ਹੋਵੇਗੀ ਤੇ ਇਸ ਤੋਂ ਬਾਅਦ ਕੋਈ ਬਦਬੂ ਨਹੀਂ ਆਵੇਗੀ। ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਬਾਰੇ ਖੇਰ ਨੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਸੀ ਤੇ ਉਨ੍ਹਾਂ ਨੇ ਸੰਸਦ ਵਿੱਚ ਇਸ ਬਾਰੇ ਮੁੱਦਾ ਚੁੱਕਿਆ ਸੀ।