ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 5 ਮਾਰਚ
ਯੂਕਰੇਨ ਵਿੱਚ ਫਸੇ ਵਿਦਿਆਰਥੀ ਦਿਨ ਰਾਤ ਭੁੱਖੇ-ਭਾਣੇ ਅਤੇ ਮੌਤ ਦੇ ਸਾਏ ਵਿੱਚ ਜੀਅ ਰਹੇ ਹਨ ਪ੍ਰੰਤੂ ਬੇਗਾਨੇ ਮੁਲਕ ਵਿੱਚ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਇਹ ਪ੍ਰਗਟਾਵਾ ਯੂਕਰੇਨ ਤੋਂ ਪਰਤੇ ਮੁਹਾਲੀ ਦੇ ਵਿਦਿਆਰਥੀ ਹਰਮਿੰਦਰ ਸਿੰਘ ਨੇ ਕੀਤਾ। ਇਸ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਤੇ ਭਾਜਪਾ ਦੀ ਤਰਜਮਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਇੱਥੋਂ ਦੇ ਫੇਜ਼-11 ਸਥਿਤ ਨੌਜਵਾਨ ਦੇ ਘਰ ਪਹੁੰਚ ਕੇ ਉਸ ਦੀ ਖ਼ਬਰ-ਸਾਰ ਪੁੱਛੀ ਅਤੇ ਯੂਕਰੇਨ ਦੇ ਮੌਜੂਦਾ ਹਾਲਾਤ ਬਾਰੇ ਜਾਣਿਆ।
ਯੂਕਰੇਨ ਦੀ ਯੂਜਰੋਡਸ ਨੈਸ਼ਨਲ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਹਰਮਿੰਦਰ ਸਿੰਘ ਅਖੀਰਲੇ ਸਾਲ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਭਾਰਤ ਵੱਲੋਂ ਰੂਸ ਦਾ ਪੱਖ ਲਏ ਜਾਣ ਕਾਰਨ ਯੂਕਰੇਨ ਦੇ ਲੋਕਾਂ ਅਤੇ ਉੱਥੋਂ ਦੀ ਫੌਜ ਵੀ ਭਾਰਤੀ ਨੌਜਵਾਨਾਂ ਨਾਲ ਵਿਤਕਰਾ ਕਰਨ ਲੱਗ ਪਈ ਹੈ, ਜਿਸ ਕਾਰਨ ਬੇਗਾਨੇ ਮੁਲਕ ਵਿੱਚ ਫਸੇ ਨੌਜਵਾਨਾਂ ਨੂੰ ਬਾਰਡਰ ਪਾਰ ਕਰਨ ਦੌਰਾਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਰਮਿੰਦਰ ਨੇ ਦੱਸਿਆ ਕਿ ਜਿੱਥੇ ਉਹ ਰਹਿ ਰਹੇ ਸਨ, ਉਹ ਇਲਾਵਾ ਪੋਲੈਂਡ ਬਾਰਡਰ ਤੋਂ ਕਰੀਬ 200 ਕਿਲੋਮੀਟਰ ਦੂਰ ਹੈ ਅਤੇ ਉੱਥੇ ਹੁਣੇ ਵੀ ਸੈਂਕੜੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਵੀ ਖ਼ਤਮ ਹੋ ਗਿਆ ਹੈ ਅਤੇ ਪਾਣੀ ਲਈ ਵੀ ਨੌਜਵਾਨਾਂ ਨੂੰ ਬਰਫ਼ ਪਿੰਘਲਾ ਕੇ ਪੀਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਗੱਲ ਸੁਣਨਾ ਤਾਂ ਦੂਰ ਉਨ੍ਹਾਂ ਦੇ ਫੋਨ ਤੱਕ ਨਹੀਂ ਸੁਣੇ ਜਾ ਰਹੇ। ਜੇਕਰ ਕੋਈ ਫੋਨ ਸੁਣਦਾ ਵੀ ਹੈ ਤਾਂ ਉਨ੍ਹਾਂ ਨੂੰ ਕਿਸੇ ਤਰੀਕੇ ਬਾਰਡਰ ਪਾਰ ਕਰ ਕੇ ਗੁਆਂਢੀ ਮੁਲਕ ਤੱਕ ਪਹੁੰਚਣ ਲਈ ਕਿਹਾ ਜਾਂਦਾ ਹੈ, ਜਿੱਥੋਂ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਰਡਰ ’ਤੇ ਯੂਕਰੇਨ ਦੇ ਫੌਜੀ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਵਿਦਿਆਰਥਣਾਂ ਨਾਲ ਕਥਿਤ ਬਦਸਲੂਕੀ ਕਰਦੇ ਹਨ। ਬਾਰਡਰ ’ਤੇ ਭਾਰਤੀਆਂ ਨੂੰ ਘੰਟਿਆਂਬੱਧੀ ਲਾਈਨ ਵਿੱਚ ਖੜ੍ਹਾ ਕੇ ਰੱਖਿਆ ਜਾਂਦਾ ਹੈ। ਪਹਿਲਾਂ ਯੂਕਰੇਨ ਦੇ ਨਾਗਰਿਕਾਂ ਨੂੰ ਬਾਰਡਰ ਪਾਰ ਕਰਵਾਇਆ ਜਾਂਦਾ ਹੈ, ਬਾਅਦ ਵਿੱਚ ਭਾਰਤੀ ਨੌਜਵਾਨਾਂ ਨੂੰ ਉਸ ਪਾਰ ਲੰਘਣ ਦਾ ਮੌਕਾ ਮਿਲਦਾ ਹੈ।
ਹਰਮਿੰਦਰ ਨੇ ਦੱਸਿਆ ਕਿ ਉਹ ਕੁੱਝ ਦੋਸਤਾਂ ਦੀ ਮਦਦ ਨਾਲ ਯੂਜਰੋਡਸ ਤੋਂ ਇੱਕ ਵਾਹਨ ਦਾ ਪ੍ਰਬੰਧ ਕਰ ਕੇ ਬਾਰਡਰ ਤੱਕ ਪਹੁੰਚੇ ਸਨ। ਉਸ ਨੇ ਕਿਹਾ ਕਿ ਰਸਤੇ ਵਿੱਚ ਕਾਫ਼ੀ ਥਾਵਾਂ ’ਤੇ ਬੰਬ ਧਮਾਕਿਆਂ ਕਾਰਨ ਹੋਈ ਤਬਾਹੀ ਦਾ ਮੰਜਰ ਦੇਖ ਕੇ ਕਲੇਜਾ ਮੁੱਠੀ ਵਿੱਚ ਆ ਜਾਂਦਾ ਸੀ। ਪੋਲੈਂਡ ਬਾਰਡਰ ਪਾਰ ਕਰਨ ਤੋਂ ਬਾਅਦ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਭਾਰਤ ਲਿਆਂਦਾ ਗਿਆ। ਉਸ ਨੇ ਕਿਹਾ ਕਿ ਉਹ ਸਹੀ ਸਲਾਮਤ ਘਰ ਤਾਂ ਪਹੁੰਚ ਗਏ ਹਨ ਪ੍ਰੰਤੂ ਹੁਣ ਉਨ੍ਹਾਂ ਨੂੰ ਪੜ੍ਹਾਈ ਦੀ ਚਿੰਤਾ ਸਤਾ ਰਹੀ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੇ ਸੈਕਟਰ-4 ਦੀ ਆਂਚਲ ਸ਼ਰਮਾ ਅੱਜ ਯੂਕਰੇਨ ਦੇ ਕੀਵ ਸ਼ਹਿਰ ਤੋਂ ਸੁਰੱਖਿਅਤ ਆਪਣੇ ਘਰ ਪੰਚਕੂਲਾ ਪਰਤ ਆਈ ਹੈ। ਆਂਚਲ ਦੇ ਘਰ ਪਹੁੰਚਦੇ ਹੀ ਮਾਪਿਆਂ ਨੇ ਉਸ ਦਾ ਸਵਾਗਤ ਫੁੱਲਾਂ ਨਾਲ ਕੀਤਾ। ਆਂਚਲ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਉਸ ਦੀ ਯੂਕਰੇਨ ਦਾ ਬਾਰਡਰ ਪਾਰ ਕਰਨ ’ਚ ਮਦਦ ਕੀਤੀ। ਉਸ ਨੇ ਦੱਸਿਆ ਯੂਕਰੇਨ ਦੇ ਹਾਲਾਤ ਕਾਫੀ ਮਾੜੇ ਹਨ। ਪਤਾ ਨਹੀਂ ਕਦੋਂ ਕਿਸ ਉੱਤੇ ਦੁੱਖਾਂ ਦਾ ਪਹਾੜ ਢਿੱਗ ਜਾਵੇ। ਆਂਚਲ ਜਦੋਂ ਘਰ ਪਹੁੰਚੀ ਤਾਂ ਉਸ ਦੇ ਪਿਤਾ ਰਾਜੇਸ਼ ਸ਼ਰਮਾ, ਮਾਂ ਸੁਮਨ ਸ਼ਰਮਾ ਤੇ ਭੈਣ ਆਸ਼ਨਾ ਸ਼ਰਮਾ ਦੀਆਂ ਅੱਖਾਂ ਖੁਸ਼ੀ ਵਿੱਚ ਭਰ ਗਈਆਂ। ਉਸ ਦੇ ਪਰਿਵਾਰਕ ਮੈਂਬਰ ਯੂਕਰੇਨ ਦੇ ਹਾਲਾਤ ਕਰ ਕੇ ਚਿੰਤਤ ਸਨ। ਆਂਚਲ ਨੇ ਦੱਸਿਆ ਕਿ ਯੂਕਰੇਨ ਦੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ ਜਿਸ ਕਾਰਨ ਭਾਰਤੀ ਅਤੇ ਹੋਰ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਮਨਾਂ ਵਿੱਚ ਡਰ ਵਧ ਰਿਹਾ ਹੈ।
ਮੈਡੀਕਲ ਦੀ ਪੜ੍ਹਾਈ ਅਧੂਰੀ ਛੱਡ ਕੇ ਘਰ ਪਰਤੀ ਰੀਆ
ਜ਼ੀਰਕਪੁਰ (ਹਰਜੀਤ ਸਿੰਘ): ਯੂਕਰੇਨ ਤੋਂ ਵਿਦਿਆਰਥੀਆਂ ਦੇ ਘਰ ਪਰਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਬਲਟਾਣਾ ਦੇ ਸੈਣੀ ਵਿਹਾਰ, ਫੇਜ਼ 3 ਦੀ ਵਸਨੀਕ ਰੀਆ ਸ਼ਨਿਚਰਵਾਰ ਆਪਣੇ ਘਰ ਪਰਤੀ ਹੈ। ਰੀਆ ਦੇ ਸਹੀ-ਸਲਾਮਤ ਘਰ ਪਰਤਣ ’ਤੇ ਉਸ ਦੇ ਪਰਿਵਾਰਕ ਮੈਂਬਰ ਖੁਸ਼ ਹਨ। ਰੀਆ ਮੈਡੀਕਲ ਦੀ ਪੜ੍ਹਾਈ ਕਰਨ ਲਈ ਦੋ ਸਾਲ ਪਹਿਲਾਂ ਯੂਕਰੇਨ ਗਈ ਸੀ। ਇਸ ਦੌਰਾਨ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਲੱਗ ਗਈ, ਜਿਸ ਕਰ ਕੇ ਉਸ ਨੂੰ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਘਰ ਪਰਤਣਾ ਪਿਆ। ਇਸ ਮੌਕੇ ਰੀਆ ਨੇ ਦੱਸਿਆ ਕਿ ਉਹ ਯੂਕਰੇਨ ਦੇ ਪੋਲਤਾਵਾ ਸ਼ਹਿਰ ਵਿੱਚ ਐੱਮਬੀਬੀਐੱਸ ਕਰਨ ਗਈ ਸੀ। 23 ਫਰਵਰੀ ਤੋਂ ਹੀ ਉਹ ਤੇ ਉਸ ਦੇ ਨਾਲ ਹੋਰ ਵਿਦਿਆਰਥੀ ਡਰ ਵਿੱਚ ਸਮਾਂ ਲੰਘਾ ਰਹੇ ਸਨ। 23 ਫਰਵਰੀ ਤੋਂ ਕਾਲਜ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਧਰਤੀ ਹੇਠ ਬਣਾਏ ਬੰਕਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਸੀ ਜਿੱਥੇ ਉਹ ਲਾਈਟ ਵੀ ਨਹੀਂ ਜਗਾ ਸਕਦੇ ਸਨ। ਭਾਰਤੀ ਦੂਤਾਵਾਸ ਸਣੇ ਕਿਸੇ ਪਾਸਿਓਂ ਕੋਈ ਮਦਦ ਨਹੀਂ ਮਿਲ ਰਹੀ ਸੀ। ਫਿਰ 50 ਦੇ ਕਰੀਬ ਵਿਦਿਆਰਥੀ ਆਪਣੇ ਪੱਧਰ ’ਤੇ ਇਕ ਬੱਸ ਕਿਰਾਏ ’ਤੇ ਕਰ ਕੇ 1050 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਹੰਗਰੀ ਬਾਰਡਰ ’ਤੇ ਪੈਂਦੇ ਇਕ ਓਜਰੋਤ ਹੋਸਟਲ ਵਿੱਚ ਪਹੁੰਚੇ। ਰੀਆ ਨੇ ਦੱਸਿਆ ਕਿ ਓਜਰੋਤ ਰੇਲਵੇ ਸਟੇਸ਼ਨ ’ਤੇ ਉਹ ਆਪਣੇ ਗਰੁੱਪ ਤੋਂ ਵੱਖ ਗਈ ਤੇ ਕਾਫੀ ਸਹਿਮ ਗਈ। ਉਸ ਨੇ ਆਪਣੇ ਘਰ ਫੋਨ ਕਰ ਕੇ ਸਾਰੀ ਗੱਲ ਦੱਸੀ। ਤਕਰੀਬਨ ਇਕ ਘੰਟੇ ਬਾਅਦ ਉਸ ਨੂੰ ਗੋਵਿੰਦ ਨਾਂ ਦਾ ਇਕ ਸਾਥੀ ਮਿਲਿਆ ਜਿਸ ਨੇ ਉਸ ਨੂੰ ਮੁੜ ਤੋਂ ਗਰੁੱਪ ਨਾਲ ਮਿਲਾਇਆ। ਇੱਥੋਂ ਉਹ 100 ਕਿੱਲੋਮੀਟਰ ਦੂਰ ਹੰਗਰੀ ਦੇ ਬੁਡਾਪੇਸਟ ਸ਼ਹਿਰ ਪਹੁੰਚੇ। ਹੰਗਰੀ ਪਹੁੰਚਣ ’ਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਅਤੇ ਖਾਣ-ਪੀਣ ਦਾ ਸਾਮਾਨ ਮਹੁੱਈਆ ਕਰਵਾਇਆ। ਉੱਥੇ ਇਕ ਰਾਤ ਰੁਕਣ ਮਗਰੋਂ ਉਹ ਇੰਡੀਗੋ ਦੇ ਜਹਾਜ਼ ਰਾਹੀਂ ਭਾਰਤ ਪਹੁੰਚੇੇ। ਰੀਆ ਦੀ ਮਾਂ ਰੇਣੂੰ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਬੱਚੇ ਦੀ ਜਾਨ ਨੂੰ ਲੈ ਕੇ ਅਤੇ ਹੁਣ ਸਹੀ ਸਲਾਮਤ ਇੱਥੇ ਪਹੁੰਚਣ ਮਗਰੋਂ ਉਸ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।