ਕੁਲਦੀਪ ਸਿੰਘ
ਚੰਡੀਗੜ੍ਹ, 1 ਜੂਨ
ਸੀਟੀਯੂ ਵਿੱਚੋਂ ਸਾਲ 2016 ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸੋਧੀ ਪੈਨਸ਼ਨ ਮਿਲਣ ਦੀ ਸੰਭਾਵਨਾ ਬਣਦੀ ਜਾਪ ਰਹੀ ਹੈ। ਇਸ ਭਰੋਸਾ ਸੀਟੀਯੂ ਰਿਟਾਇਰਡ ਐਂਪਲਾਈਜ਼ ਵੈੱਲਫੇਅਰ ਕਮੇਟੀ ਦੀ ਡਾਇਰੈਕਟਰ ਟਰਾਂਸਪੋਰਟ ਸੀਟੀਯੂ ਪ੍ਰਦੁੱਮਨ ਸਿੰਘ ਨਾਲ ਹੋਈ ਮੀਟਿੰਗ ਵਿੱਚ ਮਿਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਭੁਪਿੰਦਰ ਸਿੰਘ, ਰਣਜੀਤ ਸਿੰਘ ਹੰਸ, ਭੁਪਿੰਦਰ ਸਿੰਘ ਰੰਗੀ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ, ਰਣਬੀਰ ਸਿੰਘ ਅਤੇ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਨਾਲ ਸੀਟੀਯੂ ਦੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਗਈ। ਜਨਵਰੀ-2016 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਪੇਅ ਫਿਕਸ ਕਰ ਕੇ ਵਿੱਤੀ ਲਾਭ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਤੇ ਲੰਬੇ ਸਮੇਂ ਤੋਂ ਬਕਾਇਆ ਮੈਡੀਕਲ ਬਿਲਾਂ ਦੇ ਭੁਗਤਾਨ ਆਦਿ ਬਾਰੇ ਡਾਇਰੈਕਟਰ ਨੂੰ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਡਾਇਰੈਕਟਰ ਟਰਾਂਸਪੋਰਟ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਨਵਰੀ-2016 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਦੀਆਂ ਪੇਅ-ਫਿਕਸੇਸ਼ਨਾਂ ਲਗਭਗ ਹੋ ਚੁੱਕੀਆਂ ਹਨ, ਬਾਕੀ ਰਹਿੰਦੇ ਕੇਸਾਂ ਦਾ ਨਿਪਟਾਰਾ ਵੀ ਜਲਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੈਡੀਕਲ ਬਿਲਾਂ ਦੇ ਜਲਦੀ ਭੁਗਤਾਨ ਲਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੈਨਸ਼ਨਾਂ ਵਿਚ ਸੋਧਾਂ ਲਾਗੂ ਹੋਣ ਤੋਂ ਬਾਅਦ ਨੋਟੀਫਿਕੇਸ਼ਨ ਅਨੁਸਾਰ ਬਣਦੇ ਬਕਾਏ ਦਾ ਭੁਗਤਾਨ ਵੀ ਜਲਦ ਕਰ ਦਿੱਤਾ ਜਾਵੇਗਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਡਾਇਰੈਕਟਰ ਟਰਾਂਸਪੋਰਟ ਨਾਲ ਹੋਈ ਮੀਟਿੰਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਪੈਨਸ਼ਨਰਾਂ ਦੀ 5 ਜੂਨ ਨੂੰ ਬੱਸ ਸਟੈਂਡ ਸੈਕਟਰ-17 ਵਿੱਚ ਹੋਣ ਵਾਲੀ ਜਨਰਲ ਮੀਟਿੰਗ ਵਿੱਚ ਦਿੱਤੀ ਜਾਵੇਗੀ।