ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 7 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਪਿੰਡ ਦਿਆਲਪੁਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਆਪਣੇ ਦਫਤਰ ਵਿੱਚ ਇਕ ਪ੍ਰੋਗਰਾਮ ਰੱਖ ਕੇ ਉਸ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ 97.38 ਫੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚ ਦੂਜਾ ਅਤੇ ਮੈਰਿਟ ਲਿਸਟ ਵਿੱਚ 11ਵਾਂ ਸਥਾਨ ਹਾਸਲ ਕਰ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਨੇ 75 ਤੋਂ 93 ਫੀਸਦੀ ਅੰਕ ਪ੍ਰਾਪਤ ਕੀਤੇ ਅਤੇ 80 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ ਅਸੈਂਬਲੀ ਵਿੱਚ ਸਨਮਾਨਿਤ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ 91.07 ਫੀਸਦੀ ਅੰਕ ਲੈ ਕੇ ਪਹਿਲਾ, ਕੋਮਲਪ੍ਰੀਤ ਕੌਰ ਨੇ 90 ਫੀਸਦੀ ਅੰਕ ਲੈ ਕੇ ਦੂਸਰਾ ਅਤੇ ਕਿਰਨਜੋਤ ਕੌਰ ਨੇ 87.69 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਬਨੂੜ (ਪੱਤਰ ਪ੍ਰੇਰਕ): ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਚਨ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਦੇ ਮੋਹਰੀ ਬੱਚਿਆਂ ਦਾ ਸਨਮਾਨ ਕੀਤਾ। ਸਕੂਲ ਦੀ ਸਟੇਟ ਐਵਾਰਡੀ ਪ੍ਰਿੰਸੀਪਲ ਸੰਧਿਆ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਤੇ ਦੱਸਿਆ ਕਿ ਦਸਵੀਂ ਦੀਆਂ ਪੰਜ ਵਿਦਿਆਰਥਣਾਂ ਬੇਬੀ ਰਾਣੀ, ਸੁਨੇਹਾ, ਮੰਨਤ, ਹਰਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਮੈਰੀਟੋਰੀਅਸ ਪ੍ਰੀਖਿਆ ਪਾਸ ਕਰ ਲਈ ਹੈ।
ਘਨੌਲੀ (ਪੱਤਰ ਪ੍ਰੇਰਕ): ਪਿੰਡ ਘਨੌਲੀ ਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ਵਿੱਚ ਪ੍ਰਿੰਸੀਪਲ ਇੰਦੂ ਨੇ ਦੱਸਿਆ ਕਿ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੋਨਲਪ੍ਰੀਤ ਕੌਰ ਨੇ 632 ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ, ਰੂਪਨਗਰ ਜ਼ਿਲ੍ਹੇ ਵਿੱਚ ਚੌਥਾ ਅਤੇ ਪੰਜਾਬ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਮਾਨਸੀ ਭਗਤ ਨੇ 611 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਜਾ ਤੇ ਗਗਨਦੀਪ ਸਿੰਘ ਨੇ 607 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਨਤੀਜੇ ਵਿੱਚ ਅੱਵਲ ਵਿਦਿਆਰਥੀਆਂ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੰਨੀ ਕਲਾਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜੇ ਵਿੱਚ ਸਕੂਲ ਦੀ ਵਿਦਿਆਰਥਣ ਸ਼ਿਵਾਨੀ ਕੁਮਾਰੀ ਨੇ 650 ਵਿਚੋਂ 630 ਅੰਕ ਪ੍ਰਾਪਤ ਕਰਕੇ ਆਪਣਾ ਨਾਮ ਮੈਰਿਟ ਸੂਚੀ ਵਿੱਚ ਸ਼ਾਮਲ ਕੀਤਾ, ਜਿਸ ਨੂੰ ਸਕੂਲ ਪ੍ਰਿੰਸੀਪਲ ਸਮਤਾ ਅਤੇ ਸਟਾਫ਼ ਵੱਲੋਂ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦਸਮੇਸ਼ ਪਬਲਿਕ ਸਕੂਲ ਭਗੜਾਣਾ ਦੀ ਵਿਦਿਆਰਥਣ ਆਸ਼ੂ ਕੌਰ ਨੇ 95 ਫੀਸਦ, ਨਵਨੀਤ ਕੌਰ ਨੇ 92 ਫੀਸਦ ਅਤੇ ਹੁਸਨਦੀਪ ਕੌਰ ਨੇ 81 ਫੀਸਦ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।