ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਨਵੰਬਰ
ਇਥੋਂ ਦੇ ਸਰਕਾਰੀ ਕਾਲਜਾਂ ਵਿਚੋਂ ਕੱਢੇ ਗਏ ਰਿਸੋਰਸਪਰਸਨਾਂ ਤੇ ਹੋਰ ਲੈਕਚਰਾਰਾਂ ਨੂੰ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਤੋਂ ਹਾਲ ਦੀ ਘੜੀ ਰਾਹਤ ਨਹੀਂ ਮਿਲੀ। ਕੈਟ ਨੇ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨਿਰਧਾਰਤ ਕਰ ਦਿੱਤੀ ਹੈ। ਲੈਕਚਰਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਟ ਨੇ ਇਸ ਮਾਮਲੇ ਦੀ ਤਾਰੀਖ ਹੀ ਲੰਬੀ ਪਾ ਦਿੱਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਇਸ ਸੈਸ਼ਨ ਵਿਚ ਰੱਖਣ ਦੀ ਆਸ ਮੱਧਮ ਜਾਪ ਰਹੀ ਹੈ। ਯੂਟੀ ਦੇ ਉਚ ਸਿੱਖਿਆ ਵਿਭਾਗ ਨੇ ਇਨ੍ਹਾਂ ਦੀ ਥਾਂ ਅਜੇ ਤਕ ਬਦਲਵੇਂ ਪ੍ਰਬੰਧ ਨਹੀਂ ਕੀਤੇ ਤੇ ਨਾ ਹੀ ਪੁਰਾਣੇ ਲੈਕਚਰਾਰਾਂ ਨੂੰ ਦੁਬਾਰਾ ਨਿਯੁਕਤ ਕਰਨ ਦਾ ਕੋਈ ਨਿਯਮ ਬਣਾਇਆ ਗਿਆ ਹੈ ਜਿਸ ਕਾਰਨ 300 ਦੇ ਕਰੀਬ ਰਿਸੋਰਸਪਰਸਨਜ਼ ਤੇ ਲੈਕਚਰਾਰ ਦੁਚਿਤੀ ਵਿਚ ਹਨ। ਉਹ ਹੋਰ ਥਾਂ ਨੌਕਰੀ ਨਹੀਂ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਉਚ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜਾਂ ਵਿੱਚੋਂ 250 ਰਿਸੋਰਸਪਰਸਨਜ਼ ਦੀ ਛੁੱਟੀ ਕਰ ਦਿੱਤੀ ਸੀ। ਇਸ ਤੋਂ ਇਲਾਵਾ 50 ਟੈਂਪਰੇਰੀ ਕੰਟਰੈਕਚੁਅਲ ਪ੍ਰੋਫੈਸਰਾਂ ਨੂੰ ਵੀ ਰਿਲੀਵ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਥਾਂ ਹਾਲੇ ਤਕ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ। ਪਟੀਸ਼ਨ ਅਨੁਸਾਰ ਉਨ੍ਹਾਂ ਮੰਗ ਕੀਤੀ ਕਿ ਯੂਟੀ ਦਾ ਉਚ ਸਿੱਖਿਆ ਵਿਭਾਗ ਪੁਰਾਣੇ ਲੈਕਚਰਾਰਾਂ ਦਾ ਨਬਿੇੜਾ ਕਰਨ ਦੀ ਥਾਂ ਨਵੀਆਂ ਨਿਯੁਕਤੀਆਂ ਕਰ ਰਿਹਾ ਹੈ। ਉਨ੍ਹਾਂ ਇਨ੍ਹਾਂ ਨਿਯੁਕਤੀਆਂ ’ਤੇ ਸਟੇਅ ਲਾਉਣ ਦੀ ਮੰਗ ਕੀਤੀ। ਪਟੀਸ਼ਨਕਰਤਾਵਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ। ਕਾਲਜਾਂ ਦੇ ਲੈਕਚਰਾਰਾਂ ਨੇ ਦੱਸਿਆ ਕਿ ਹਰ ਕਾਲਜ ਵਿਚ ਲੈਕਚਰਾਰਾਂ ਦੀ ਥੁੜ੍ਹ ਹੈ।
ਲੈਕਚਰਾਰਾਂ ’ਤੇ ਕੰਮ ਦਾ ਵਾਧੂ ਭਾਰ
ਯੂਜੀਸੀ ਦੇ ਨੇਮ ਅਨੁਸਾਰ ਅਸਿਸਟੈਂਟ ਪ੍ਰੋਫੈਸਰ ਹਫਤੇ ਦੇ 18 ਤੇ ਐਸੋਸੀਏਟ ਪ੍ਰੋਫੈਸਰ 16 ਲੈਕਚਰ ਲੈਂਦਾ ਹੈ ਪਰ ਹੁਣ ਇਹ ਦਰ 24 ਤੇ 21 ਕਰ ਦਿੱਤੀ ਗਈ ਹੈ। ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਨੇ ਕਿਹਾ ਕਿ ਹਰ ਕਾਲਜ ਵਿਚ ਵੱਡੀ ਗਿਣਤੀ ਲੈਕਚਰਾਰਾਂ ਦੀ ਘਾਟ ਹੈ ਤੇ ਵਿਭਾਗ ਨਵੀਂ ਭਰਤੀ ਦੀ ਥਾਂ ਲੈਕਚਰਾਰਾਂ ’ਤੇ ਵਾਧੂ ਭਾਰ ਪਾ ਕੇ ਆਪਣਾ ਕੰਮ ਸਾਰ ਰਿਹਾ ਹੈ। ਊਨ੍ਹਾਂ ਦੱਸਿਆ ਕਿ ਇਸ ਕਾਰਨ ਕਈ ਲੈਕਚਰਾਰ ਤਣਾਅ ਵਿਚ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਕਾਲਜਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਠੇਕੇ ’ਤੇ ਲੈਕਚਰਾਰ ਰੱਖੇ ਜਾਂਦੇ ਸਨ ਤੇ ਉਨ੍ਹਾਂ ਨੂੰ ਸੈਸ਼ਨ ਸ਼ੁਰੂ ਹੋਣ ’ਤੇ ਰੱਖ ਲਿਆ ਜਾਂਦਾ ਸੀ ਤੇ ਸੈਸ਼ਨ ਖਤਮ ਹੋਣ ਤੋਂ ਬਾਅਦ ਰਿਲੀਵ ਕਰ ਦਿੱਤਾ ਜਾਂਦਾ ਸੀ। ਇਸ ਤੋਂ ਖ਼ਫਾ ਹੋ ਕੇ ਕੁਝ ਲੈਕਚਰਾਰਾਂ ਨੇ ਕੈਟ ਵਿਚ ਕੇਸ ਦਾਇਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸੇਵਾ ਨਿਯਮਤ ਕੀਤੀ ਜਾਵੇ।
ਸਰਕਾਰੀ ਕਾਲਜ ਦੀ ਪ੍ਰਿੰਸੀਪਲ ਦਾ ਈ-ਮੇਲ ਆਈਡੀ ਹੈਕ
ਇਥੋਂ ਦੇ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-11 ਦੀ ਪ੍ਰਿੰਸੀਪਲ ਅਨੀਤਾ ਕੌਸ਼ਲ ਦਾ ਦਫਤਰੀ ਈ-ਮੇਲ ਆਈ ਡੀ ਹੈਕ ਹੋ ਗਿਆ। ਇਸ ਸਬੰਧ ਵਿਚ ਹੈਕਰ ਨੇ ਮਦਦ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਕਾਲਜ ਦੇ ਲੈਕਚਰਾਰਾਂ ਨੇ ਇਸ ਬਾਰੇ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ। ਹੈਕਰ ਨੇ ਪ੍ਰਿੰਸੀਪਲ ਦੇ ਜਾਣਕਾਰਾਂ ਦੇ ਸਾਰੇ ਈ-ਮੇਲ ਅਡਰੈਸ ’ਤੇ ਮੇਲ ਭੇਜੀ। ਉਸ ਨੇ ਕਿਹਾ ਕਿ ਉਸ ਦੀ ਰਿਸ਼ਤੇਦਾਰ ਦਾ ਜਨਮ ਦਿਨ ਹੈ ਤੇ ਉਹ ਉਸ ਲਈ ਗੂਗਲ ਪਲੇਅ ਕਾਰਡ ਖਰੀਦਣਾ ਚਾਹੁੰਦੀ ਹੈ ਪਰ ਤਕਨੀਕੀ ਸਮੱਸਿਆ ਕਾਰਨ ਖਰੀਦ ਨਹੀਂ ਹੋ ਰਹੇ। ਇਸ ਕਰ ਕੇ ਤੁਸੀਂ ਨਾਲ ਦੀ ਦੁਕਾਨ ਤੋਂ ਖਰੀਦ ਕੇ ਇਸ ਪਤੇ ’ਤੇ ਭੇਜੋ। ਇਸ ਨਾਲ ਇਹ ਵੀ ਕਿਹਾ ਗਿਆ ਕਿ ਉਹ ਸ਼ਹਿਰ ਤੋਂ ਬਾਹਰ ਹਨ ਤੇ ਆ ਕੇ ਇਸ ਦੇ ਪੈਸੇ ਦੇ ਦੇਣਗੇ।
ਪੀਯੂ ਦੀ ਤਰਜ਼ ’ਤੇ ਗੈਸਟ ਫੈਕਲਟੀ ਰੱਖਣ ਦੀ ਮੰਗ
ਅਸਿਸਟੈਂਟ ਲੈਕਚਰਾਰਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ’ਚ ਹਾਲੇ ਵੀ ਗੈਸਟ ਫੈਕਲਟੀ ਰੱਖੇ ਜਾਂਦੇ ਹਨ ਤੇ ਉਨ੍ਹਾਂ ਨੂੰ ਰਿਲੀਵ ਕਰਨ ਦੇ ਨਾਲ ਹੀ ਅਗਲੇ ਸਾਲ ਦੁਬਾਰਾ ਰੱਖਣ ਦਾ ਭਰੋਸਾ ਦਿੱਤਾ ਜਾਂਦਾ ਹੈ। ਇਨ੍ਹਾਂ ਲੈਕਚਰਾਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਤਰਜ਼ ’ਤੇ ਲੈਕਚਰਾਰ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਾਂਗ ਕਾਲਜਾਂ ਵਿਚ ਉਮਰ ਹੱਦ ਨੂੰ ਵੀ ਖਤਮ ਕਰਨਾ ਚਾਹੀਦਾ ਹੈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਮਾਮਲਾ ਅਦਾਲਤ ਵਿਚ ਹੋਣ ਕਾਰਨ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।