ਮੁਕੇਸ਼ ਕੁਮਾਰ
ਚੰਡੀਗੜ੍ਹ, 12 ਨਵੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਕੋਵਿਡ-19 ਕਾਰਨ ਲੱਗੇ ਲੌਕਡਾਊਨ ਦੌਰਾਨ ਪੇਡ ਪਾਰਕਿੰਗ ਦਾ ਸੰਚਾਲਨ ਕਰਨ ਵਾਲੀ ਕੰਪਨੀ ਦੀ ਬਕਾਇਆ ਰਕਮ ਮੁਆਫ ਕਰਨ ਬਾਰੇ ਪੇਸ਼ ਤਜਵੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਬਾਰੇ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਮਤੇ ਨੂੰ ਨਿਗਮ ਦੇ ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਅਤੇ ਕੰਪਨੀ ਤੋਂ ਇਹ ਬਕਾਇਆ ਫੀਸ ਵਸੂਲਣ ਦਾ ਫੈਸਲਾ ਕੀਤਾ ਗਿਆ। ਨਿਗਮ ਮੀਟਿੰਗਾਂ ਦੌਰਾਨ ਪੇਸ਼ ਕੀਤੇ ਗਏ ਮਤਿਆਂ ਅਨੁਸਾਰ ਸ਼ਹਿਰ ਦੇ ਪਿੰਡ ਵਿੱਚ ਸ਼ਾਮਲਾਤ ਅਤੇ ਖਾਲੀ ਪਈ ਨਗਰ ਨਿਗਮ ਦੀ ਜ਼ਮੀਨ ਦੁਆਲੇ ਕੰਡਾ ਤਾਰ ਲਗਾਉਣ ਬਾਰੇ ਵੀ ਫੈਸਲਾ ਕੀਤਾ ਗਿਆ। ਇਸ ਨਾਲ ਪਿੰਡ ਵਿੱਚ ਨਗਰ ਨਿਗਮ ਦੀ ਖਾਲੀ ਪਈ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਇਆ ਜਾ ਸਕੇਗਾ ਅਤੇ ਲੋੜ ਪੈਣ ’ਤੇ ਨਗਰ ਨਿਗਮ ਇਸ ਜ਼ਮੀਨ ਨੂੰ ਇਸਤੇਮਾਲ ਕਰ ਸਕੇਗੀ।
ਮੀਟਿੰਗ ਵਿੱਚ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਦੇ ਸੰਚਾਲਨ ਦਾ ਜ਼ਿੰਮਾ ਸੰਭਾਲਣ ਵਾਲੀਆਂ ਦੋਵੇਂ ਕੰਪਨੀਆਂ ਤੋਂ ਕੋਵਿਡ ਦੇ ਦੌਰ ਦੌਰਾਨ ਹੋਏ ਨੁਕਸਾਨ ਨੂੰ ਲੈ ਕੇ ਬਕਾਇਆ ਰਾਸ਼ੀ ਮੁਆਫ ਕਰਨ ਦੇ ਮਤੇ ਪੇਸ਼ ਕੀਤੇ ਗਏ। ਮਤੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੇ ਇਸ ਮਤੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਨਿਗਮ ਪ੍ਰਸ਼ਾਸਨ ਪੇਡ ਪਾਰਕਿੰਗ ਨੂੰ ਲੈ ਕੇ ਇਨ੍ਹਾਂ ਕੰਪਨੀਆਂ ’ਤੇ ਦਿਆਲੂ ਕਿਉ ਹੈ। ਇਸੇ ਤਰ੍ਹਾਂ ਭਾਜਪਾ ਕੌਂਸਲਰ ਤੇ ਸਾਬਕਾ ਮੇਅਰ ਦਵੇਸ਼ ਮੌਦਗਿਲ ਨੇ ਵੀ ਇਸ ਮਤੇ ਦਾ ਵਿਰੋਧ ਕੀਤਾ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ।
ਨਿਗਮ ਹਾਊਸ ਵਿੱਚ ਇਸ ਮਤੇ ਨੂੰ ਲੈ ਕੇ ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਅਤੇ ਕੰਪਨੀਆਂ ਤੋਂ ਬਕਾਇਆ ਰਾਸ਼ੀ ਵਸੂਲਣ ਦਾ ਫੈਸਲਾ ਕੀਤਾ ਗਿਆ। ਦੋਵੇਂ ਕੰਪਨੀਆਂ ’ਤੇ ਲਗਪਗ ਦੋ ਕਰੋੜ ਦੀ ਰਾਸ਼ੀ ਬਕਾਇਆ ਹੈ। ਮੀਟਿੰਗ ਦੌਰਾਨ ਨਿਗਮ ਦੇ ਰਜਿਸਟਰਡ ਵੈਂਡਰਾਂ ਦਾ ਇਸ ਸਾਲ ਮਈ ਮਹੀਨੇ ਦੀ ਲਾਇਸੈਂਸ ਫੀਸ ਮੁਆਫ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਮੇਅਰ ਰਵੀ ਕਾਂਤ ਸ਼ਰਮਾ ਨੇ ਨਿਗਮ ਪ੍ਰਸ਼ਾਸਨ ਨੂੰ ਵੈਂਡਰਾਂ ਵੱਲੋਂ ਆਪਣੀ ਲਾਇਸੈਂਸ ਫੀਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦਾ ਜੁਰਮਾਨਾ ਨਾ ਲਗਾਉਣ ਦਾ ਸੁਝਾਅ ਦਿੱਤਾ। ਨਿਗਮ ਹਾਊਸ ਮੀਟਿੰਗ ਦੌਰਾਨ ਪਿਛਲੇ ਮੀਟਿੰਗ ਦੌਰਾਨ ਸ਼ਹਿਰ ਦੀ ਸਫਾਈ ਵਿਵਸਥਾ ਸੰਭਾਲਣ ਵਾਲੀ ਕੰਪਨੀ ਨੂੰ ਟੈਂਡਰ ਦੀ ਮਿਆਦ ਖਤਮ ਹੋਣ ਦੀ ਸੂਰਤ ਵਿੱਚ ਅੱਗੇ ਦੀ ਨਿਲਾਮੀ ਪ੍ਰਕਿਰਿਆ ਸਮੇਂ ਸਿਰ ਸ਼ੁਰੂ ਨਾ ਕਰਨ ਨੂੰ ਲੈ ਕੇ ਜਾਂਚ ਕਰਵਾਉਣ ਦੇ ਫੈਸਲੇ ’ਤੇ ਵੀ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਨਿਗਮ ਪ੍ਰਸ਼ਾਸਨ ਵੱਲੋਂ 60 ਦੇ ਲਗਪਗ ਹੋਰ ਨਵੀਆਂ ਪਾਰਕਿੰਗਾਂ ਨੂੰ ਸਬੰਥ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਾਇਤਾ ਨਾਲ ਸੰਚਾਲਨ ਕਰਵਾਉਣ ਦੇ ਮਤੇ ਨੂੰ ਪਾਸ ਕੀਤਾ ਗਿਆ। ਇਸ ਮਤੇ ਅਨੁਸਾਰ ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਮੁਫ਼ਤ ਪਾਰਕਿੰਗ ਵਿਵਸਥਾ ਕੀਤੀ ਜਾਵੇਗੀ। ਭਾਜਪਾ ਦੀ ਹਕੂਮਤ ਵਾਲੀ ਇਸ ਨਗਰ ਨਿਗਮ ਦੀ ਟੀਮ ਦਾ ਕਾਰਜਕਾਲ ਅਗਲੇ ਮਹੀਨੇ ਦਸੰਬਰ ਵਿੱਚ ਪੂਰਾ ਹੋਣ ਵਾਲਾ ਹੈ।