ਹਰਜੀਤ ਸਿੰਘ
ਜ਼ੀਰਕਪੁਰ, 26 ਅਪਰੈਲ
ਨਗਰ ਕੌਂਸਲ ਦੇ ਨਵੇਂ ਚੁਣੇ ਹਾਊਸ ਦੀ ਪਹਿਲੀ ਮੀਟਿੰਗ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਂਗਰਸ ਅਤੇ ਵਿਰੋਧੀ ਧਿਰ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਕਜੌਲੀ ਵਾਟਰ ਵਰਕਸ ਤੋਂ ਪਾਣੀ ਲਿਆਉਣ ਲਈ ਐਸਟੀਮੇਟ ਬਣਾਉਣ ਦਾ ਮਤਾ ਸਹਿਮਤੀ ਨਾਲ ਪਾਸ ਕੀਤਾ ਗਿਆ। ਪਹਿਲੀ ਮੀਟਿੰਗ ਅੱਜ ਹੰਗਾਮੇਦਾਰ ਰਹੀ ਜਿਸ ਵਿੱਚ ਹਾਜ਼ਰ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਹਰੇਕ ਮਤੇ ’ਤੇ ਜ਼ੋਰਦਾਰ ਬਹਿਸ ਕੀਤੀ ਗਈ।
ਪ੍ਰਧਾਨ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਲਿਆਉਣ ਲਈ ਅੱਜ ਪੁਰਾਣੇ ਪਾਸ ਮਤੇ ਨੂੰ ਆਧਾਰ ਬਣਾ ਕੇ ਉਸ ਦਾ ਖਰਚੇ ਦਾ ਐਸਟੀਮੇਟ ਬਣਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਇਥੇ ਵਿਸ਼ੇਸ਼ ਮੁਹਿੰਮ ਉਲੀਕ ਕੇ ਪੌਦੇ ਲਾਏ ਜਾਣਗੇ। ਇਸ ਨੂੰ ਸਫਲ ਬਣਾਉਣ ਲਈ ਕੌਂਸਲ ਵੱਲੋਂ ਇਕ ਆਊਟਸੋਰਸ ਰਾਹੀਂ ਜੇ.ਈ. ਨੂੰ ਨੌਕਰੀ ’ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਬਰਸਾਤੀ ਚੋਅ ਅਤੇ ਨਾਲਿਆਂ ਦੀ ਸਫਾਈ ਤੋਂ ਇਲਾਵਾ ਸਾਰੇ 31 ਵਾਰਡਾਂ ਦੇ ਲੋੜੀਂਦੇ ਵਿਕਾਸ ਕੰਮਾਂ ਦੇ ਮਤੇ ਸਹਿਮਤੀ ਨਾਲ ਪਾਸ ਕੀਤੇ ਗਏ ਹਨ। ਮੀਟਿੰਗ ਦੌਰਾਨ ਅਕਾਲੀ ਦਲ ਦੇ ਕੌਂਸਲਰ ਤੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਭਰਾ ਯਾਦਵਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪਾਸ ਮਤਿਆਂ ’ਤੇ ਕੰਮ ਕਰ ਕਾਂਗਰਸ ਫੋਕੀ ਵਾਹ-ਵਾਹ ਖੱਟ ਰਹੀ ਹੈ ਜਦਕਿ ਪ੍ਰਧਾਨ ਢਿੱਲੋਂ ਨੇ ਇਸ ਨੂੰ ਨਿਰਮੂਲ ਕਰਾਰ ਦਿੱਤਾ।