ਜਗਮੋਹਨ ਸਿੰਘ
ਘਨੌਲੀ, 28 ਅਗਸਤ
ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਵੱਲੋਂ ਲਗਾਏ ਗਏ ਸੁਆਹ ਸੁਕਾਉਣ ਵਾਲੇ ਪਲਾਂਟ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਸਮਾਜ ਸੇਵੀ ਹਰਪ੍ਰੀਤ ਸਿੰਘ ਬਸੰਤ ਅਤੇ ਹਰਵਿੰਦਰ ਸਿੰਘ ਕਮਾਲਪੁਰ ਦੀ ਅਗਵਾਈ ਵਿੱਚ ਪਿੰਡ ਦਬੁਰਜੀ ’ਚ ਇਕੱਤਰ ਹੋਏ ਇਲਾਕੇ ਦੇ ਲੋਕਾਂ ਕਿਹਾ ਕਿ ਜਿਸ ਜਗ੍ਹਾ ਇਹ ਪਲਾਂਟ ਲਗਾਇਆ ਗਿਆ ਹੈ, ਉਹ ਜਗ੍ਹਾ ਪਿੰਡ ਦਬੁਰਜੀ ਦੀ ਆਬਾਦੀ ਦੇ ਬਿਲਕੁਲ ਨੇੜੇ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ਵੱਲੋਂ ਦਿਨੋ ਦਿਨ ਇਲਾਕੇ ਦੇ ਲੋਕਾਂ ਦੇ ਰੁਜ਼ਗਾਰ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਹਰਪ੍ਰੀਤ ਸਿੰਘ ਬਸੰਤ ਅਤੇ ਹਰਵਿੰਦਰ ਸਿੰਘ ਕਮਾਲਪੁਰ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਨਾਲ ਬੇਇਨਸਾਫੀ ਨਹੀਂ ਹੋਣ ਦੇਣਗੇ ਤੇ ਪ੍ਰਦੂਸ਼ਣ ਦੀ ਮਾਰ ਸਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਫੈਕਟਰੀ ਪ੍ਰਬੰਧਕਾਂ ਦੇ ਖਿਲਾਫ ਡਟ ਕੇ ਸੰਘਰਸ਼ ਕਰਨਗੇ।
ਸਭ ਕੁਝ ਨਿਯਮਾਂ ਮੁਤਾਬਿਕ ਕੀਤਾ ਜਾ ਰਿਹਾ ਹੈ: ਰਾਜੀਵ ਜੈਨ
ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੁਖੀ ਰਾਜੀਵ ਜੈਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਹਰ ਕੰਮ ਨਿਯਮਾਂ ਮੁਤਾਬਿਕ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਕਿ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਫੈਕਟਰੀ ਵੱਲੋਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੁਜ਼ਗਾਰ ਦਿੱਤਾ ਹੋਇਆ ਹੈ।