ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 7 ਦਸੰਬਰ
ਗਮਾਡਾ ਵੱਲੋਂ ਮੁਹਾਲੀ ਦੇ ਸੈਕਟਰ 88-89 ਲਈ ਲੈਂਡ ਪੂਲਿੰਗ ਸਕੀਮ ਰਾਹੀਂ ਗ੍ਰਹਿਣ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੂੰ ਸਕੀਮ ਦੇ ਲਾਭ ਦਾ ਹਿੱਸਾ ਖੂਨ ਦੇ ਰਿਸ਼ਤੇ ਵਿੱਚ ਟਰਾਂਸਫਰ ਕਰਵਾਉਣ ਅਤੇ ਐੱਨਓਸੀ ਲੈਣ ਬਦਲੇ ਪੀਐੱਲਸੀ (ਪ੍ਰੋਫ਼ੈਸ਼ਨਲ ਲੋਕੇਸ਼ਨ ਚਾਰਜਿਜ਼) ਚਾਰਜਿਜ਼ ਦੇ ਨਾਂ ਉੱਤੇ ਲੱਖਾਂ ਰੁਪਏ ਦੀ ਫੀਸ ਅਤੇ 18 ਫ਼ੀਸਦ ਪੈਨਲਟੀ ਲਗਾਈ ਜਾ ਰਹੀ ਹੈ। ਜ਼ਮੀਨ ਮਾਲਕਾਂ ਨੇ ਇਸ ਨੂੰ ਲੁੱਟ ਕਰਾਰ ਦਿੰਦਿਆਂ ਇਨ੍ਹਾਂ ਚਾਰਜਿਜ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਿੰਡ ਸੋਹਾਣਾ ਦੇ ਕੈਪਟਨ (ਰਿਟਾ.) ਸਰਦਾਰਾ ਸਿੰਘ, ਚੰਡੀਗੜ੍ਹ ਵਾਸੀ ਜਸਵੰਤ ਕੌਰ, ਮੁਹਾਲੀ ਵਾਸੀ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਲੈਂਡ ਪੂਲਿੰਗ ਸਕੀਮ ਤਹਿਤ ਗ੍ਰਹਿਣ ਕਰਵਾਈ ਜ਼ਮੀਨ ਵਿੱਚ ਪਾਰਕਾਂ ਤੇ ਸੜਕਾਂ ਆਦਿ ਲਈ ਜ਼ਮੀਨ ਦੇ ਹੀ ਦਿੱਤੀ ਹੈ ਤਾਂ ਫਿਰ ਉਨ੍ਹਾਂ ਤੋਂ ਪ੍ਰੋਫ਼ੈਸ਼ਨਲ ਲੋਕੇਸ਼ਨ ਚਾਰਜਿਜ਼ ਮੰਗੇ ਜਾਣੇ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕ ਜੇਕਰ ਸਕੀਮ ਤਹਿਤ ਮਿਲੇ ਲਾਭ ਨੂੰ ਆਪਣੇ ਪੁੱਤਰ, ਧੀ ਜਾਂ ਖ਼ੂਨ ਦੇ ਰਿਸ਼ਤੇ ਵਿੱਚ ਕਿਸੇ ਹੋਰ ਵਿਅਕਤੀ ਦੇ ਨਾਂ ਤਬਦੀਲ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਤੋਂ ਵੀ ਇਹੋ ਫੀਸ ਮੰਗੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗਮਾਡਾ ਦੇ ਹੀ ਪ੍ਰਾਜੈਕਟ ਈਕੋ ਸਿਟੀ ਵਿੱਚ ਉਕਤ ਚਾਰਜਿਜ਼ ਜਾਂ ਕੋਈ ਫੀਸ ਜ਼ਿਮੀਦਾਰਾਂ ਤੋਂ ਨਹੀਂ ਵਸੂਲੀ ਜਾਂਦੀ ਜਦਕਿ ਸੈਕਟਰ 88-89 ਦੇ ਜ਼ਮੀਨ ਮਾਲਕਾਂ ਨੂੰ ਅਜਿਹੀ ਕੋਈ ਰਿਆਇਤ ਨਹੀਂ ਦਿੱਤੀ ਜਾ ਰਹੀ।
ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਲੇਬਰਫੈੱਡ ਦੇ ਐੱਮ.ਡੀ. ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਕਿਸਾਨ ਜਿੱਥੇ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਲਿਆਂ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਹਨ ਉਥੇ ਹੀ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਗਮਾਡਾ ਰਾਹੀਂ ਜ਼ਮੀਨ ਮਾਲਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਉਕਤ ਫ਼ੀਸ ਵਾਪਸ ਨਾ ਲਏ ਜਾਣ ਦੀ ਸੂਰਤ ਵਿੱਚ ਸੰਘਰਸ਼ ਦੀ ਚਿਤਾਵਨੀ ਦਿੱਤੀ।