ਹਰਜੀਤ ਸਿੰਘ
ਜ਼ੀਰਕਪੁਰ, 8 ਨਵੰਬਰ
ਇਥੋਂ ਦੇ ਬਿਲਡਰਾਂ ’ਤੇ ਸ਼ਹਿਰ ਦੀ ਦਿਖ ਵਿਗਾੜਨ ਅਤੇ ਨਾਜਾਇਜ਼ ਉਸਾਰੀਆਂ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਸ਼ਹਿਰ ਵਾਸੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਆਰਡਬਲਿਊ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਦੀ ਅਗਵਾਈ ਹੇਠ ਕੱਢੇ ਇਸ ਰੋਸ ਮਾਰਚ ਵਿੱਚ ਲੋਕਾਂ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜਿਸ ਬਾਰੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ।
ਮੁਜ਼ਹਰਾਕਰੀਆਂ ਨੇ ਕਿਹਾ ਕਿ ਬਿਲਡਰਾਂ ਵੱਲੋਂ ਸ਼ਹਿਰ ਦੇ ਮਾਸਟਰ ਪਲਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਰੋਸ ਮਾਰਚ ਪੀਰ ਮੁਛੱਲਾ ਦੀ ਬਾਲੀਵੁੱਡ ਹਾਈਟਸ-1 ਤੋਂ ਸੁਰੂ ਹੋਇਆ ਜਿਸ ਵਿੱਚ ਆਰਡਬਲਿਊ ਬਾਲੀਵੁੱਡ ਹਾਈਟਸ ਦੇ ਪ੍ਰਧਾਨ ਰਮੇਸ਼ ਗੋਇਲ, ਪੰਚਕੂਲਾ ਹਾਈਟਸ ਦੇ ਰਾਜੇਸ਼ ਖੰਨਾ, ਹਿਲਵਿਊ ਐਨਕਲੇਵ ਦੇ ਐਡਵੋਕੇਟ ਵਿਨੈ ਕੁਮਾਰ, ਸ੍ਰੀ ਸ਼ਿਆਮ ਰੈਜੀਡੈਂਸੀ ਦੇ ਰਵੀ ਸ਼ਰਮਾ, ਓਪੇਰਾ ਗਾਰਡਨ ਦੇ ਅਮਨ ਅਰੋੜਾ, ਸ਼ੁਭ ਹੋਮਜ਼ ਦੀ ਵਿਮਲਾ ਰਾਣੀ, ਫਰੈਂਡਜ਼ ਐਨਕਲੇਵ ਦੇ ਰਮਨ ਕੁਮਾਰ ਖੋਸਲਾ, ਬਾਲੀਵੁੱਡ ਹਾਈਟਸ-2 ਦੇ ਸੰਜੇ ਸਿਨਹਾ, ਤ੍ਰਿਸ਼ਲਾ ਹੋਮਜ਼ ਤੋਂ ਸੋਨੀਆ ਸ਼ਰਮਾ, ਵਿਕਟੋਰੀਆ ਹਾਈਟਸ ਦੇ ਸੰਜੇ ਹਾਂਡੂ ਅਤੇ ਸਵਾਮੀ ਐਨਕਲੇਵ ਦੇ ਰਾਮ ਕੁਮਾਰ ਸ਼ਰਮਾ ਸਮੇਤ ਕਈ ਲੋਕਾਂ ਨੇ ਹਿੱਸਾ ਲਿਆ।
ਇਸ ਰੋਸ ਮਾਰਚ ਬਾਲੀਵੁੱਡ ਹਾਈਟਸ ਤੋਂ ਸ਼ੁਰੂ ਹੋ ਕੇ ਐਮ.ਐੱਸ. ਐਨਕਲੇਵ, ਕੇ-ਏਰੀਆ, ਬਲਟਾਣਾ ਚੌਕ, ਪਟਿਆਲਾ ਚੌਕ, ਸਿੰਘਪੁਰਾ ਚੌਕ ਅਤੇ ਵੀਆਈਪੀ ਰੋਡ ਤੋਂ ਹੁੰਦੇ ਹੋਏ ਸਵਿਤਰੀ ਹਾਈਟਸ ਚੌਕ, ਪਟਿਆਲਾ ਰੋਡ ਬੱਸ ਅੱਡਾ ’ਤੇ ਜਾ ਕੇ ਸਮਾਪਤ ਹੋਇਆ।
ਇਸ ਮੌਕੇ ਹਿਲਵਿਯੂ ਦੇ ਵਾਸਦੇਵ, ਰਾਇਲ ਮੈਨਸ਼ਨ ਦੇ ਮਹੇਸ਼ ਗੋਇਲ, ਬਾਲੀਵੁੱਡ ਹਾਈਟਸ ਤੋਂ ਗੁਰਪ੍ਰੀਤ, ਹਾਲੈਂਡ ਪਾਰਕ ਤੋਂ ਰਾਜੀਵ ਕੁਮਾਰ, ਪਵਨ ਕੁਮਾਰ, ਇੰਦਰ ਸੇਠੀ, ਸੰਜੀਵ ਡੋਗਰਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।
ਸ਼ਹਿਰ ਵਿੱਚ ਵਿਕਾਸ ਦੀ ਥਾਂ ਵਿਨਾਸ਼ ਹੋਇਆ: ਐਡਵੋਕੇਟ ਵਿਨੈ ਕੁਮਾਰ
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਵਿਨੈ ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਦੀ ਥਾਂ ਵਿਨਾਸ਼ ਹੋ ਰਿਹਾ ਹੈ। ਮੋਤੀਆ ਰਾਈਲ ਸਿਟੀ ਦੇ ਪ੍ਰਧਾਨ ਆਸ਼ੀਸ ਨੇ ਕਿਹਾ ਕਿ ਅੱਜ ਇਥੇ ਬਿਲਡਰਾਂ ਵੱਲੋਂ ਪਾਰਕ ਦੀ ਥਾਂ ’ਤੇ ਵੀ ਫਲੈਟ ਬਣਾਏ ਜਾ ਰਹੇ ਹਨ। ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੋਧਰੀ ਨੇ ਕਿਹਾ ਕਿ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਅਕਸਰ ਓਵਰਫਲੋ ਰਹਿੰਦੀਆਂ ਹਨ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਠੋਸ ਪ੍ਰਬੰਧ ਨਹੀਂ ਹੈ। ਉਨਾਂ ਕਿਹਾ ਕਿ ਜੇਕਰ ਕੌਂਸਲ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਛੇਤੀ ਹੀ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।