ਜਗਮੋਹਨ ਸਿੰਘ
ਘਨੌਲੀ, 20 ਫਰਵਰੀ
ਅੱਜ ਘਨੌਲੀ ਖੇਤਰ ਦੇ ਪਿੰਡਾਂ ਚੱਕ ਢੇਰਾ ਅਤੇ ਪਿੰਡ ਮਲਿਕਪੁਰ ਦੇ ਵਾਸੀਆਂ ਨੇ ਸਾਰੀਆਂ ਪਾਰਟੀਆਂ ਲਈ ਇੱਕੋ ਹੀ ਪੋਲਿੰਗ ਬੂਥ ਲਗਾ ਕੇ ਲੋਕਾਂ ਨੂੰ ਭਾਈਚਾਰਕ ਸਾਂਝ ਦਾ ਮਾਹੌਲ ਸਿਰਜਣ ਲਈ ਪ੍ਰੇਰਿਤ ਕੀਤਾ। ਪਿੰਡ ਮਲਿਕਪੁਰ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਭੇਦਭਾਵ ਆਪਣੇ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਆਈ ਹਰੇਕ ਪਾਰਟੀ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਆਪਣੀ ਗੱਲ ਪਿੰਡ ਦੇ ਲੋਕਾਂ ਅੱਗੇ ਰੱਖਣ ਦਾ ਮੌਕਾ ਦਿੱਤਾ ਗਿਆ ਅਤੇ ਅੱਜ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਕੀਤੇ ਫੈਸਲੇ ਅਨੁਸਾਰ ਸਾਰੀਆਂ ਪਾਰਟੀਆਂ ਨੂੰ ਇੱਕ ਹੀ ਬੂਥ ਲਗਾਉਣ ਅਤੇ ਕਿਸੇ ਵੀ ਪਾਰਟੀ ਦਾ ਬੈਨਰ ਨਾ ਲਗਾਉਣ ਦੀ ਹਦਾਇਤ ਕੀਤੀ ਗਈ, ਜਿਸ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਹਿਮਤੀ ਜਤਾਉਂਦਿਆਂ ਹੋਇਆਂ ਇੱਕੋ ਹੀ ਪੋਲਿੰਗ ਬੂਥ ਤੇ ਬੈਠ ਕੇ ਵੋਟਾਂ ਪਾਉਣ ਆਏ ਲੋਕਾਂ ਦੀ ਮੱਦਦ ਕੀਤੀ।
ਇਸੇ ਤਰ੍ਹਾਂ ਹੀ ਪਿੰਡ ਚੱਕ ਢੇਰਾ ਵਿੱਚ ਵੀ ਇੱਕੋ ਹੀ ਪੋਲਿੰਗ ਬੂਥ ਲਗਾਇਆ ਗਿਆ, ਪਰ ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਬੈਨਰ ਲਾ ਕੇ ਇੱਕੋ ਹੀ ਜਗ੍ਹਾ ਬੈਠ ਕੇ ਵੋਟਰਾਂ ਦੀ ਮੱਦਦ ਕੀਤੀ ਗਈ।
ਜਾਅਲੀ ਵੋਟ ਪਾਉਂਦੇ ਚਾਰ ਕਾਬੂ
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੇ ਲੋਹਗੜ੍ਹ ਖੇਤਰ ਵਿੱਚ ਅੱਜ ਪੁਲੀਸ ਨੇ ਜਾਅਲੀ ਵੋਟ ਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਅੱਜ ਦੇਰ ਸ਼ਾਮ ਵੋਟਿੰਗ ਖ਼ਤਮ ਹੋਣ ਵੇਲੇ ਲੋਹਗੜ੍ਹ ਬੂਥ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਨੇ ਕੁਝ ਪਰਵਾਸੀ ਵਿਅਕਤੀਆਂ ਨੂੰ ਫੜ ਲਿਆ ਅਤੇ ਦੋਸ਼ ਲਾਇਆ ਕਿ ਇਹ ਜਾਅਲੀ ਵੋਟ ਭੁਗਤਾਉਣ ਆਏ ਸਨ। ਉਨ੍ਹਾਂ ਕੋਲ ਕਿਸੇ ਹੋਰ ਵੋਟਰ ਦੇ ਕਾਰਡ ਵੀ ਕਥਿਤ ਤੌਰ ’ਤੇ ਫੜੇ ਹੋਏ ਸਨ। ਸਥਿਤੀ ਤਣਾਅਪੂਰਨ ਹੋ ਗਈ, ਜਿਸ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਚਾਰਾਂ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।