ਪੱਤਰ ਪ੍ਰੇਰਕ
ਬਨੂੜ, 4 ਮਾਰਚ
ਇੱਥੋਂ ਦੇ ਤੇਪਲਾ ਮਾਰਗ ਉੱਤੇ ਪਿੰਡ ਬਾਸਮਾਂ ਵਿੱਚ ਸਥਿਤ ਫਰੁਡਨਬਰਗ ਨੋਕ ਕੰਪਨੀ ਦੇ ਪ੍ਰਬੰਧਕਾਂ ਵੱਲੋਂ 104 ਪੱਕੇ ਕਰਮਚਾਰੀਆਂ ਨੂੰ ਨੌਕਰੀਓਂ ਕੱਢਣ ਅਤੇ 800 ਕਰਮਚਾਰੀਆਂ ਦਾ ਦਾਖ਼ਲਾ ਬੰਦ ਕਰਨ ਦੇ ਵਿਰੋਧ ਵਿੱਚ ਅੱਜ ਫੈਕਟਰੀ ਦੇ ਗੇਟ ਸਾਹਮਣੇ ਇਲਾਕਾ ਨਿਵਾਸੀਆਂ ਦੀ ਵਿਸ਼ਾਲ ਇਕੱਤਰਤਾ ਹੋਈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ, ਪੰਚਾਂ-ਸਰਪੰਚਾਂ ਨੇ ਵੱਡੀ ਪੱਧਰ ਉੱਤੇ ਸ਼ਮੂਲੀਅਤ ਕਰਦਿਆਂ ਰੁਜ਼ਗਾਰ ਬਚਾਓ ਮੋਰਚੇ ਦਾ ਗਠਨ ਕਰਨ ਦਾ ਐਲਾਨ ਕਰਦਿਆਂ ਸਾਰੇ ਕਰਮਚਾਰੀਆਂ ਦੀ ਬਹਾਲੀ ਤੱਕ ਧਰਨਾਕਾਰੀ ਕਰਮਚਾਰੀਆਂ ਨੂੰ ਮੁਕੰਮਲ ਸਹਿਯੋਗ ਦੇਣ ਦਾ ਐਲਾਨ ਕੀਤਾ। ਕਰਮਚਾਰੀਆਂ ਦੀ ਯੂਨੀਅਨ ਵੱਲੋਂ ਪਿਛਲੇ ਸੱਤ ਦਿਨ ਤੋਂ ਇੱਥੇ ਦਿਨ ਰਾਤ ਦਾ ਧਰਨਾ ਲਗਾਇਆ ਹੋਇਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਧਰਮਪਾਲ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਵਿੱਕੀ ਘਨੌਰ, ਸਰਪੰਚ ਮੋਹਨ ਸਿੰਘ ਸ਼ੰਭੂ ਕਲਾਂ, ਸਰਪੰਚ ਸਤਪਾਲ ਸਿੰਘ ਰਾਜੋਮਾਜਰਾ, ਕਿਸਾਨ ਆਗੂ ਲਖਵਿੰਦਰ ਲੱਖੀ ਕਰਾਲਾ, ਜਗਜੀਤ ਜੱਗੀ ਕਰਾਲਾ, ਜਸਬੀਰ ਸਿੰਘ ਖਲੌਰ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਬੂਟਾ ਸਿੰਘ ਖਰਾਜਪੁਰ, ਨਿਸ਼ਾਨ ਸਿੰਘ, ਵਿਨੋਦ ਚੁੱਘ ਨੇ ਕਿਹਾ ਕਿ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕਰਮਚਾਰੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਬਾਕੀ ਰਹਿੰਦੇ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਗੇਟ ਬੰਦ ਕਰ ਦਿੱਤੇ ਹਨ।
ਘਿਰਾਓ ਦਾ ਪ੍ਰੋਗਰਾਮ ਮੁਲਤਵੀ
ਧਰਨਾਕਾਰੀਆਂ ਤੇ ਇਲਾਕਾ ਵਾਸੀਆਂ ਵੱਲੋਂ ਅੱਜ ਫੈਕਟਰੀ ਦੇ ਮੁਕੰਮਲ ਅਤੇ ਪੱਕੇ ਤੌਰ ’ਤੇ ਘਿਰਾਓ ਕਰਨ ਦਾ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ। ਘਨੌਰ ਦੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ, ਲੇਬਰ ਇੰਸਪੈਕਟਰ ਚੰਚਲਦੀਪ ਸਿੰਘ, ਫੈਕਟਰੀ ਮੈਨੇਜਰ ਅਸ਼ੋਕ ਕੁਮਾਰ, ਅਭਿਸ਼ੇਕ ਗਰਗ ਦੀ ਹਾਜ਼ਰੀ ਵਿੱਚ ਧਰਨਾਕਾਰੀ ਆਗੂਆਂ ਨਿਰਮਲ ਸਿੰਘ ਧਾਲੀਵਾਲ, ਵਿਨੋਦ ਚੁੱਘ, ਪ੍ਰਿੰਸ ਸ਼ਰਮਾ ਆਦਿ ਦੀ ਮੌਜੂਦਗੀ ਵਿੱਚ ਇਹ ਫੈਸਲਾ ਲਿਆ ਗਿਆ। ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ 8 ਮਾਰਚ ਨੂੰ ਯੂਨੀਅਨ ਦੇ ਨੁਮਾਇੰਦਿਆਂ ਦੀ ਲੇਬਰ ਕਮਿਸ਼ਨਰ ਨਾਲ ਮੀਟਿੰਗ ਤੈਅ ਕਰਾਈ ਗਈ ਹੈ, ਜਿਸ ਵਿੱਚ ਮਾਮਲੇ ਦਾ ਹੱਲ ਨਿਕਲਣ ਦੀ ਸੰਭਾਵਨਾ ਹੈ।