ਮੁਕੇਸ਼ ਕੁਮਾਰ
ਚੰਡੀਗੜ੍ਹ, 2 ਨਵੰਬਰ
ਇੱਥੋਂ ਦੇ ਸੈਕਟਰ 23 ਦੇ ਲੋਕ ਇਲਾਕੇ ਵਿੱਚ ਚਮਗਿੱਦੜਾਂ ਕਾਰਨ ਸਹਿਮੇ ਹੋਏ ਹਨ। ਸੈਕਟਰ 23 ਦੀ ਨਰਸਰੀ ਵਿੱਚ ਕਈ ਦਰੱਖਤਾਂ ’ਤੇ ਚਮਗਿੱਦੜਾਂ ਨੇ ਪੱਕੇ ਡੇਰੇ ਜਮਾਏ ਹੋਏ ਹਨ ਅਤੇ ਸੈਕਟਰ 23, 24, 36, 37 ਦੇ ਚੌਕ ਨੇੜੇ ਸੈਕਟਰ 23 ਦੇ ਰਿਹਾਇਸ਼ੀ ਇਲਾਕੇ ਵਿੱਚ ਮਰਿਆ ਹੋਇਆ ਚਮਗਿੱਦੜ ਪਿਛਲੇ ਪੰਦਰਾਂ ਦਿਨਾਂ ਤੋਂ ਬਿਜਲੀ ਦੀਆਂ ਤਾਰਾਂ ’ਤੇ ਲਟਕਿਆ ਹੋਇਆ ਹੈ। ਸਥਾਨਕ ਵਾਸੀਆਂ ਨੇ ਇਸ ਬਾਰੇ ਚੰਡੀਗੜ੍ਹ ਦੇ ਬਿਜਲੀ ਵਿਭਾਗ ਸਮੇਤ ਸਫਾਈ ਵਿਭਾਗ, ਸਿਹਤ ਵਿਭਾਗ, ਪੁਲੀਸ ਅਤੇ ਫਾਇਰ ਬ੍ਰਿਗੇਡ ਮਹਿਕਮਿਆਂ ਦੇ ਹਾੜੇ ਕੱਢਣ ਤੋਂ ਲੈ ਕੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਭੇਜੀ ਹੈ, ਪਰ ਕੋਈ ਵੀ ਇਸ ਮਰੇ ਹੋਏ ਚਮਗਿੱਦੜ ਨੂੰ ਹਟਾਉਣ ਲਈ ਨਹੀਂ ਬਹੁੜਿਆ ਹਨ।
ਸੈਕਟਰ ਵਾਸੀ ਵਿਕਰਮ ਅਤੇ ਇੰਦਰਜੀਤ ਨੇ ਦੱਸਿਆ ਕਿ ਬਿਜਲੀ ਦੀ ਤਾਰ ’ਤੇ ਪਿਛਲੇ ਦੋ ਹਫਤਿਆਂ ਤੋਂ ਲਟਕੇ ਹੋਏ ਚਮਗਿੱਦੜ ਵਿੱਚੋਂ ਹੁਣ ਪਾਣੀ ਰਿਸ ਕੇ ਜ਼ਮੀਨ ’ਤੇ ਡਿੱਗਣ ਲੱਗ ਪਿਆ ਹੈ ਜਿਸ ਨਾਲ ਇਲਾਕੇ ਵਿੱਚ ਕੋਈ ਬਿਮਾਰੀ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਸਾਬਕਾ ਮੇਅਰ ਤੇ ਕਾਂਗਰਸ ਦੇ ਸੀਨੀਅਰ ਨੇਤਾ ਸੁਭਾਸ਼ ਚਾਵਲਾ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਸੁਣਵਾਈ ਨਾ ਹੋਣ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਫੈਲੀ ਕਰੋਨਾ ਬਿਮਾਰੀ ਚਮਗਿੱਦੜਾਂ ਤੋਂ ਹੀ ਫੈਲੀ ਹੈ ਅਤੇ ਦੂਜੇ ਪਾਸੇ ਇੱਥੇ ਸੈਕਟਰ ਵਿੱਚ ਮਰੀ ਹੋਈ ਚਮਗਿੱਦੜ ਨੂੰ ਹਟਾਉਣ ਲਈ ਪ੍ਰਸ਼ਾਸਨ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਸੁਭਾਸ਼ ਚਾਵਲਾ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਲਾਈਨ ’ਤੇ ਲਟਕੀ ਹੋਈ ਇਸ ਮਰੀ ਹੋਈ ਚਮਗਿੱਦੜ ਨੂੰ ਤੁਰੰਤ ਹਟਾਇਆ ਜਾਵੇ।