ਕਰਮਜੀਤ ਸਿੰਘ ਚਿੱਲਾ
ਬਨੂੜ, 6 ਮਈ
ਪਿੰਡ ਰਾਜੋਮਾਜਰਾ ਵਾਸੀਆਂ ਨੇ ਅੱਜ ਸਵੇਰੇ ਪਿੰਡ ਦੇ ਨੇੜਿਉਂ ਬਣ ਰਹੇ ਗਰੀਨ ਫ਼ੀਲਡ ਐਕਸਪ੍ਰੈੱਸ ਵੇਅ ’ਤੇ ਮਿੱਟੀ ਪਾ ਰਹੇ ਟਿੱਪਰ ਰੋਕ ਕੇ ਸੜਕ ਦੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ। ਇਸ ਮੌਕੇ ਉਨ੍ਹਾਂ ਕੌਮੀ ਸ਼ਾਹਰਾਹ ਅਥਾਰਟੀ ਦੇ ਅਧਿਕਾਰੀਆਂ ਉੱਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ ਅਤੇ ਨਾਅਰੇਬਾਜ਼ੀ ਵੀ ਕੀਤੀ। ਅੱਠ ਵਜੇ ਤੋਂ ਬੰਦ ਹੋਇਆ ਕੰਮ ਸਬੰਧਤ ਅਧਿਕਾਰੀਆਂ ਦੇ ਭਰੋਸੇ ਮਗਰੋਂ ਦਸ ਵਜੇ ਸ਼ੁਰੂ ਹੋਇਆ।
ਪਿੰਡ ਦੇ ਸਰਪੰਚ ਸੱਤਪਾਲ ਸਿੰਘ, ਸੁਰਜੀਤ ਸਿੰਘ, ਨੇਤਰ ਸਿੰਘ, ਹਰਮੇਲ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ, ਕੁਲਵਿੰਦਰ ਸਿੰਘ, ਕੇਸਰ ਸਿੰਘ, ਹਰਮੇਲ ਸਿੰਘ, ਜੱਗਾ ਸਿੰਘ, ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਪਿੰਡ ਵਾਸੀਆਂ ਨੇ ਨਵੀਂ ਬਣ ਰਹੀ ਸੜਕ ਵਿੱਚ ਪਾਣੀ ਦੇ ਨਿਕਾਸ ਲਈ ਪੁਲੀਆਂ ਬਣਾਉਣ ਦੀ ਮੰਗ ਨੂੰ ਲੈ ਕੇ ਸੜਕ ਦਾ ਕੰਮ ਰੋਕਿਆ ਸੀ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਪਿੰਡ ਨੇੜੇ ਇੱਕ ਪੱਚੀ ਫੁੱਟ ਚੌੜੀ ਅਤੇ ਦੂਜੀ 12 ਫੁੱਟ ਚੌੜੀ ਦੋ ਪੁਲੀਆਂ ਪਾਣੀ ਦੇ ਨਿਕਾਸ ਲਈ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਸ ਸਮੇਂ ਇਹ ਵੀ ਤੈਅ ਹੋਇਆ ਸੀ ਕਿ ਪੁਲੀਆਂ ਦੀ ਉਸਾਰੀ ਵਾਲੀ ਥਾਂ ’ਤੇ ਸੜਕ ਬਣਾਉਣ ਲਈ ਮਿੱਟੀ ਨਹੀਂ ਪਾਈ ਜਾਵੇਗੀ ਤੇ ਇਹ ਥਾਂ ਖਾਲੀ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੁਲੀਆਂ ਵਾਲੀ ਥਾਂ ’ਤੇ ਮਿੱਟੀ ਪਾਉਣ ਦਾ ਕੰਮ ਠੇਕੇਦਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕੰਮ ਬੰਦ ਕਰਾ ਦਿੱਤਾ। ਮੌਕੇ ਤੇ ਪਹੁੰਚੇ ਕੰਪਨੀ ਦੇ ਸੁਪਰਵਾਈਜ਼ਰ ਸ਼ੁਭਮ ਨੇ ਪਿੰਡ ਵਾਸੀਆਂ ਦੀ ਐੱਨਐੱਚਏ ਦੇ ਅਧਿਕਾਰੀ ਗੁਰਵੇਜ਼ ਕੁਮਾਰ ਨਾਲ ਫੋਨ ’ਤੇ ਗੱਲ ਕਰਾਈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਮਝੌਤੇ ਅਨੁਸਾਰ ਦੋਵੇਂ ਪੁਲੀਆਂ ਦੀ ਉਸਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਸਬੰਧਤ ਥਾਵਾਂ ਉੱਤੇ ਗਲਤੀ ਨਾਲ ਮਿੱਟੀ ਪਾ ਦਿੱਤੀ ਹੈ, ਜਿਸ ਨੂੰ ਪਾਸੇ ਕਰਵਾ ਦਿੱਤਾ ਜਾਵੇਗਾ।