ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 6 ਮਾਰਚ
ਨਿਊ ਚੰਡੀਗੜ੍ਹ ਵਿੱਚ ਓਮੈਕਸ ਹਾਊਸਿੰਗ ਸੁਸਾਇਟੀ ਦੇ ਦੇ ਵੱਡੀ ਗਿਣਤੀ ਵਸਨੀਕਾਂ ਵੱਲੋਂ ਅੱਜ ਇੱਥੇ ਸੁਸਾਇਟੀ ਵਿਚ ਮੁੱਢਲੀਆਂ ਸਹੂਲਤਾਂ ਨਾ ਮਿਲਣ ਦੇ ਰੋਸ ਵਜੋਂ ਸੁਸਾਇਟੀ ਦੇ 5 ਨੰਬਰ ਗੇਟ ਸਾਹਮਣੇ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਸ਼ਾਂਤਮਈ ਰੋਸ ਪ੍ਰਦਸ਼ਨ ਕੀਤਾ।
ਸੁਸਾਇਟੀ ਦੇ ਵਸਨੀਕਾਂ ਅਨੁਸਾਰ ਕੰਪਨੀ ਨੇ ਉਨ੍ਹਾਂ ਨੂੰ ਮਕਾਨਾਂ ਤੇ ਫਲੈਟਾਂ ਸਬੰਧੀ ਸਿਰਫ ਸੁਫ਼ਨੇ ਹੀ ਦਿਖਾਏ ਹਨ ਜਦਕਿ ਅਜੇ ਤੱਕ ਪ੍ਰਾਜੈਕਟ ਦਾ ਕੰਮ ਬਹੁਤ ਢਿੱਲਾ ਚੱਲ ਰਿਹਾ ਹੈ। ਲੋਕਾਂ ਅਨੁਸਾਰ ਲੱਖਾਂ ਰੁਪਏ ਦੇਣ ਦੇ ਬਾਵਜੂਦ ਕੰਪਨੀ ਵੱਲੋਂ ਮੁੱਢਲੀਆਂ ਸਹੂਲਤਾਂ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ। ਓਮੈਕਸ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨਿਊ ਚੰਡੀਗੜ੍ਹ ਦੇ ਪ੍ਰਧਾਨ ਪ੍ਰਦੀਪ ਕੁਮਾਰ ਗੁਪਤਾ ਦੀ ਅਗਵਾਈ ਵਿੱਚ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਸੁਸਾਇਟੀ ਵਿਚ ਅਜੇ ਵੀ ਸੁਰੱਖਿਆ, ਸ਼ਾਪਿੰਗ ਕੰਪਲੈਕਸ, ਕਲੱਬਾਂ, ਅੱਗ ਬੁਝਾਊ ਯੰਤਰਾਂ, ਸਟਰੀਟ ਲਾਈਟਾਂ ਆਦਿ ਦੀ ਘਾਟ ਹੈ। ਆਵਾਰਾ ਕੁੱਤੇ ਤੇ ਲਾਵਾਰਿਸ ਪਸ਼ੂ ਵੱਡੀ ਗਿਣਤੀ ਵਿਚ ਸੁਸਾਇਟੀ ਵਿਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਸਫਾਈ ਵੀ ਨਾ ਮਾਤਰ ਹੀ ਹੈ। ਪਰਵਾਸੀ ਮਜ਼ਦੂਰ ਖਾਲੀ ਪਏ ਪਲਾਟਾਂ ਜਾਂ ਘਰਾਂ ਦੇ ਪਿਛਲੇ ਪਾਸੇ ਖੁੱਲ੍ਹੇਆਮ ਸ਼ੌਚ ਜਾਂਦੇ ਹਨ।
ਸੁਸਾਇਟੀ ਦੇ ਵਸਨੀਕਾਂ ਅਨੁਸਾਰ ਉਹ ਲੰਬੇ ਸਮੇਂ ਤੋਂ ਓਮੈਕਸ ਕੰਪਨੀ ਦੇ ਪ੍ਰਬੰਧਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਮੰਗ ਕਰਦੇ ਆ ਰਹੇ ਹਨ ਪਰ ਸਾਰੀਆਂ ਕੋਸ਼ਿਸ਼ਾਂ ਵਿਅਰਥ ਹਨ। ਵਸਨੀਕਾਂ ਨੇ ਕਿਹਾ ਕਿ ਉਹ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ ਜਦੋਂ ਤੱਕ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲ ਜਾਂਦੇ। ਵਸਨੀਕਾਂ ਨੇ ਸਹੂਲਤਾਂ ਸਬੰਧੀ ਕੰਪਨੀ ਦੇ ਮਾਲਕ ਰੋਹਤਾਸ ਗੋਇਲ ਦੇ ਨਾਮ ਇਕ ਮੰਗ ਪੱਤਰ ਕੰਪਨੀ ਦੇ ਸਥਾਨਕ ਪ੍ਰਬੰਧਕ ਅੰਕੁਰ ਬਖ਼ਸ਼ੀ ਨੂੰ ਸੌਂਪਿਆ, ਜਿਨ੍ਹਾਂ ਨੇ ਇਹ ਮੰਗ ਪੱਤਰ ਦਿੱਲੀ ਬੈਠੇ ਕੰਪਨੀ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।