ਚਰਨਜੀਤ ਚੰਨੀ
ਮੁੱਲਾਂਪੁਰ ਗਰੀਬਦਾਸ, 8 ਸਤੰਬਰ
ਨਿਊ ਚੰਡੀਗੜ੍ਹ ’ਚ ਈਕੋ ਸਿਟੀ ਫੇਜ਼-1 ਦੇ ਲੋਕ ਮੁੱਢਲੀਆਂ ਸੁੱਖ ਸਹੂਲਤਾਂ ਨੂੰ ਤਰਸ ਰਹੇ ਹਨ। ਇਸ ਕਰਕੇ ਲੋਕਾਂ ਨੇ ਗਮਾਡਾ ਸਮੇਤ ਪਾਵਰਕੌਮ ਦੀ ਕਥਿਤ ਮਾੜੀ ਕਾਰਗੁਜਾਰੀ ਤੋਂ ਤੰਗ ਆ ਕੇ ਬੀਤੀ ਅੱਧੀ ਰਾਤ ਵੇਲੇ ਏਅਰ ਫੋਰਸ ਸਟੇਸ਼ਨ ਦੇ ਸਾਹਮਣੇ ਮੁੱਖ ਮਾਰਗ ’ਤੇ ਜਾਮ ਲਾਇਆ। ਇਸ ਸਬੰਧੀ ਡਾ. ਗੁਰਦਰਸ਼ਨ ਸਿੰਘ ਜੰਮੂ, ਰਾਕੇਸ਼ ਭਾਰਦਵਾਜ, ਜਸਵੰਤ ਠਾਕੁਰ, ਬਾਬੂ ਰਾਮ, ਅਭੈ ਕੁਮਾਰ, ਸੰਜੀਵ ਕੁਮਾਰ, ਸੰਦੀਪ ਸ਼ਰਮਾ, ਮੋਹਿਤਪੁਰੀ ਅਤੇ ਗੁਰਜਿੰਦਰ ਸਿੰਘ ਸਮੇਤ ਹੋਰਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਪਿਛਲੇ ਦਿਨਾਂ ਤੋਂ ਲਗਾਤਾਰ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਕਈ ਘੰਟੇ ਪ੍ਰਭਾਵਿਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਹਰਲੇ ਸੂਬਿਆਂ ਤੋਂ ਆ ਕੇ ਚੰਡੀਗੜ੍ਹ ਦਾ ਹੀ ਇੱਕ ਹਿੱਸਾ ਸਮਝਦਿਆਂ ਅਤੇ ਨਿਊ ਚੰਡੀਗੜ੍ਹ ਦਾ ਨਾਮ ਸੁਣ ਕੇ ਆਪਣੀ ਸਾਰੀ ਪੂੰਜੀ ਲਗਾ ਕੇ ਆਪਣੇ ਘਰ ਬਣਾਏ ਹਨ ਪਰ ਇੱਥੇੇ ਤਾਂ ਸਟਰੀਟ ਲਾਈਟਾਂ ਦੀ ਘਾਟ, ਮਾੜੀ ਹਾਲਤ ਵਾਲੀਆਂ ਸੜਕਾਂ ਦੀਆਂ ਬਰਮਾਂ ਵਿੱਚ ਊੱਗਿਆ ਕਾਂਗਰਸੀ ਘਾਹ ਦੇਖਣ ਨੂੰ ਮਿਲਦਾ ਹੈ। ਸੈਰ ਕਰਦੇ ਲੋਕਾਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਸਮੱਸਿਆਵਾਂ ਸਬੰਧੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਅਨੁਸਾਰ ਇਸ ਤੋਂ ਵਧੀਆ ਸਹੂਲਤਾਂ ਤਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਗਮਾਡਾ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਲੋਕਾਂ ਨੂੰ ਮੁੱਖ ਮਾਰਗ ਉਤੇ ਜਾਮ ਲਾਉਣਾ ਪਿਆ ਹੈ।
ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਈਕੋ ਸਿਟੀ-1 ਵਿੱਚ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਦਿੱਤੀਆਂ ਜਾਣ। ਪਾਵਰਕੌਮ ਦੇ ਐੱਸਡੀਓ ਨੇ ਦੱਸਿਆ ਕਿ ਊਨ੍ਹਾਂ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਹੈ, ਜਦ ਕਿ ਗਮਾਡਾ ਅਧਿਕਾਰੀ ਨੇ ਆਪਣਾ ਫੋਨ ਸੁਣਨਾ ਮੁਨਾਸਬਿ ਨਾ ਸਮਝਿਆ।