ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਅਗਸਤ
ਮੁਹਾਲੀ ਵਾਸੀਆਂ ਨੂੰ ਨੇੜਲੇ ਭਵਿੱਖ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਸਬੰਧੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਛੇ ਵਾਟਰ ਬੂਸਟਰ ਲਗਾਏ ਜਾ ਰਹੇ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਇੱਥੋਂ ਦੇ ਫੇਜ਼-5 ਵਿੱਚ ਜਲ ਭੰਡਾਰ ਵਿਵਸਥਾ ਦਾ ਦੌਰਾ ਕਰਕੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਜਲ ਭੰਡਾਰਾਂ ਅਤੇ ਬੂਸਟਰ ਪਲਾਂਟਾਂ ਵਿੱਚ 9 ਲੱਖ ਲਿਟਰ ਪਾਣੀ ਸਟੋਰ ਕੀਤਾ ਜਾਵੇਗਾ। ਇਨ੍ਹਾਂ ਬੂਸਟਰ ਪੰਪਾਂ ਰਾਹੀਂ ਫੇਜ਼-5, ਫੇਜ਼-3ਬੀ2 ਅਤੇ ਫੇਜ਼-4 ਵਿੱਚ ਪਾਣੀ ਸਪਲਾਈ ਕੀਤਾ ਜਾਵੇਗਾ। ਸ੍ਰੀ ਬੇਦੀ ਨੇ ਦੱਸਿਆ ਕਿ ਫੇਜ਼-5 ਦਾ ਵਾਟਰ ਬੂਸਟਰ ਪਲਾਂਟ ਲਗਪਗ ਤਿਆਰ ਹੋ ਚੁੱਕਾ ਹੈ ਅਤੇ ਅਗਲੇ ਮਹੀਨੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਜੀਤ ਬੇਦੀ ਨੇ ਦੱਸਿਆ ਕਿ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਪੰਜ ਹੋਰ ਜਲ ਭੰਡਾਰ ਅਤੇ ਬੂਸਟਰ ਪਲਾਂਟ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਨ੍ਹਾਂ ਜਲ ਭੰਡਾਰਾਂ ਵਿੱਚ ਨਹਿਰੀ ਪਾਣੀ ਸਟੋਰ ਕੀਤਾ ਜਾਵੇਗਾ ਅਤੇ ਹਰੇਕ ਜਲ ਭੰਡਾਰ ਦੇ ਨਾਲ 5-5 ਬੂਸਟਰ ਪੰਪ ਲਗਾਏ ਗਏ ਹਨ ਜਿਨ੍ਹਾਂ ਰਾਹੀਂ ਪਾਣੀ ਨੂੰ ਤੇਜ਼ ਪ੍ਰੈਸ਼ਰ ਨਾਲ ਬੂਸਟ ਕੀਤਾ ਜਾਵੇਗਾ ਤਾਂ ਕਿ ਪਾਣੀ ਉਚੀਆਂ ਇਮਾਰਤਾਂ ਤਕ ਪਹੁੰਚ ਸਕੇ।