ਸ਼ਸ਼ੀ ਪਾਲ ਜੈਨ
ਖਰੜ, 10 ਅਗਸਤ
ਖਰੜ ਨਗਰ ਕੌਂਸਲ ਦੇ ਵਾਰਡ ਨੰਬਰ 13, ਸੈਕਟਰ 117 ਵਿੱਚ ਸਥਿਤ ਗੋਬਿੰਦ ਐਨਕਲੇਵ ਦੇ ਵਸਨੀਕ ਉਨ੍ਹਾਂ ਦੀ ਸੁਸਾਇਟੀ ਸਾਹਮਣੇ ਖੁੱਲ੍ਹੀ ਗੈਰਕਾਨੂੰਨੀ ਮੀਟ ਮਾਰਕੀਟ, ਨਿਕੰਮੇ ਸੀਵਰੇਜ ਸਿਸਟਮ ਅਤੇ ਇਥੇ ਲੱਗੇ ਕੂੜੇ ਦੇ ਢੇਰਾਂ ਕਾਰਨ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਹਨ। ਇਥੋਂ ਦੇ ਵਸਨੀਕਾਂ ਗੁਰਚਰਨ ਸਿੰਘ, ਸੰਦੀਪ ਸੁਫੇਰੀਆ, ਅਕਸ਼ੈ ਡੁਡੇਜਾ, ਸੁਮਿਤ ਸ਼ਰਮਾ, ਦੀਪਕ, ਗੁਰਦਿਆਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਦੇ ਸਾਹਮਣੇ ਇੱਕ ਗੈਰਕਾਨੂੰਨੀ ਮੀਟ ਮਾਰਕੀਟ ਬਣ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸਵਾਲ ਕੀਤਾ ਹੈ ਕਿ ਰਿਹਾਇਸ਼ੀ ਇਲਾਕੇ ਕੋਲ ਮੀਟ ਮਾਰਕੀਟ ਬਣਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ? ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਦਾ ਉਥੋਂ ਲੰਘਣਾ ਬਹੁਤ ਅਸੁਰੱਖਿਅਤ ਹੋ ਗਿਆ ਹੈ। ਉਥੋਂ ਦੇ ਸੀਵਰੇਜ ਸਿਸਟਮ ਨੂੰ ਬੰਦ ਹੋਏ 2 ਮਹੀਨੇ ਹੋ ਚੁੱਕੇ ਹਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਹੁਣ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਸੜਕ ’ਤੇ ਇਕੱਠਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਮੀਟ ਮਾਰਕੀਟ ਹੈ ਅਤੇ ਦੂਜੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਖਰੜ ਦੇ ਐੱਸਡੀਐੱਮ ਨੂੰ ਸੁਸਾਇਟੀ ਦੇ ਵਸਨੀਕਾਂ ਨੇ ਮੌਕਾ ਦਿਖਾਇਆ ਸੀ ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਇਸ ਗੈਰ ਕਾਨੂੰਨੀ ਮੀਟ ਮਾਰਕਿਟ ਅਤੇ ਗੰਦਗੀ ਦੇ ਢੇਰ ਨੂੰ ਹਟਾਇਆ ਜਾਵੇ ਅਤੇ ਦੂਜਾ ਓਵਰਫਲੋ ਕਰੇ ਰਹੇ ਸੀਵਰੇਜ ਸਿਸਟਮ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਨੇ ਐੱਸਡੀਐੱਮ
ਐੱਸਡੀਐੱਮ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਉਥੇ ਮੀਟ ਮਾਰਕਿਟ ਬਣਨ ਸਬੰਧੀ ਜਾਂਚ ਕਰਵਾਉਂਗੇ। ਉਨ੍ਹਾਂ ਕਿਹਾ ਕਿ ਸੀਵਰੇਜ ਸਬੰਧੀ ਐਸਟੀਮੇਟ ਬਣਾਇਆ ਜਾ ਚੁੱਕਿਆ ਹੈ ਤੇ ਜਲਦੀ ਹੀ ਕੰਮ ਕਰਵਾਇਆ ਜਾਵੇਗਾ।