ਹਰਜੀਤ ਸਿੰਘ
ਜ਼ੀਰਕਪੁਰ, 23 ਅਕਤੂਬਰ
ਪਟਿਆਲਾ ਰੋਡ ’ਤੇ ਸਥਿਤ ਦਸਮੇਸ਼ ਕਲੋਨੀ ਵਿੱਚ ਸਰਕਾਰੀ ਟਿਊਬਵੈੱਲ ਦੋ ਮਹੀਨਿਆਂ ਤੋਂ ਖ਼ਰਾਬ ਹੈ ਜਿਸ ਕਾਰਨ ਕਲੋਨੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਉਨ੍ਹਾਂ ਨੂੰ ਪਾਣੀ ਵਾਲੇ ਪਾਣੀ ਲਈ ਤਰਸਣਾ ਪੈ ਰਿਹਾ ਹੈ।
ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਣੀ ਸਪਲਾਈ ਦਾ ਕੋਈ ਬੱਝਵਾਂ ਸਮਾਂ ਨਾ ਹੋਣ ਕਰਕੇ ਲੋਕ ਮੁੱਲ ਖ਼ਰੀਦ ਕੇ ਪਾਣੀ ਪੀਣ ਨੂੰ ਮਜਬੂਰ ਹਨ। ਇਸ ਸਮੱਸਿਆ ਸਬੰਧੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਵਾਰਡ ਨੰਬਰ 19 ਦੀ ਕੌਂਸਲਰ ਪਰਵਿੰਦਰ ਕੌਰ ਤੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਚਿਤਾਵਨੀ ਵੀ ਦੇ ਚੁੱਕੇ ਹਨ ਕਿ ਜੇਕਰ ਜਲਦੀ ਨਵਾਂ ਟਿਊਬਵੈੱਲ ਨਾ ਲਗਾਇਆ ਗਿਆ ਤਾਂ ਉਹ ਕਲੋਨੀ ਦੀਆਂ ਔਰਤਾਂ ਨੂੰ ਲੈ ਕੇ ਨਗਰ ਕੌਂਸਲ ਵਿੱਚ ਧਰਨਾ ਲਾਉਣਗੇ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਕਲੋਨੀ ਵਿੱਚ ਇੱਕ ਹੀ ਟਿਊਬਵੈੱਲ ਹੈ ਜੋ ਪਿਛਲੇ ਡੇਢ ਮਹੀਨੇ ਤੋਂ ਖ਼ਰਾਬ ਹੈ। ਇਸ ਕਾਰਨ ਕਲੋਨੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਪਾਣੀ ਦੀ ਸਮੱਸਿਆ ਸਬੰਧੀ ਕਲੋਨੀ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਕੌਂਸਲਰ ਤੇ ਨਗਰ ਕੌਂਸਲ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਣ ਦੇ ਬਾਵਜੂਦ ਨਵਾਂ ਟਿਊਬਵੈੱਲ ਲਗਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲੋਕ ਆਪਣੇ ਪੱਲਿਓਂ ਪੈਸੇ ਖ਼ਰਚ ਕਰਕੇ ਪਾਣੀ ਦੇ ਟੈਂਕਰ ਖਰੀਦਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜ਼ੀਰਕਪੁਰ ਨਗਰ ਕੌਂਸਲ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਦਸਮੇਸ਼ ਕਲੋਨੀ ਵਿੱਚ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਘਾਟ ਹੈ ਜਦਕਿ ਟਿਊਬਵੈੱਲ ਠੀਕ ਹੋਣ ਦੀ ਕੋਈ ਆਸ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਪਾਣੀ ਲਈ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਓਧਰ ਠੇਕੇਦਾਰ ਕੁਲਦੀਪ ਸਿੰਘ ਨੇ ਕਿਹਾ,‘ਪੁਰਾਣਾ ਟਿਊਬਵੈੱਲ ਨਕਾਰਾ ਹੋ ਚੁੱਕਿਆ ਹੈ, ਜੇਕਰ ਇਸ ਨੂੰ ਠੀਕ ਵੀ ਕਰਦੇ ਹਾਂ ਤਾਂ ਇਹ ਟਿਊਬਵੈੱਲ ਸਮਰੱਥਾ ਤੋਂ ਅੱਧਾ ਹੀ ਪਾਣੀ ਸਪਲਾਈ ਕਰੇਗਾ।’ ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਕਾਫੀ ਲੋਕ ਵੱਸ ਗਏ ਹਨ ਜਿਸ ਨੂੰ ਦੇਖਦਿਆਂ ਨਵਾਂ ਟਿਊਬਵੈੱਲ ਲਗਾਉਣਾ ਹੀ ਵਿਕਲਪ ਹੈ।
ਉਨ੍ਹਾਂ ਕਿਹਾ ਕਿ ਇਹ ਕਲੋਨੀ ਨਿਯੂ ਡਿਫੈਂਸ ਐਨਕਲੇਵ ਅਤੇ ਬਾਲਾਜੀ ਐਨਕਲੇਵ ਦੇ ਟਿਊਬਵੈੱਲਾਂ ਤੋਂ ਬਦਲਵੀਂ ਸਪਲਾਈ ਦਿੱਤੀ ਜਾ ਰਹੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਛੇਤੀ ਹੀ ਨਵਾਂ ਟਿਊਬਵੈੱਲ ਲਗਾਉਣ ਲਈ ਟੈਂਡਰ ਅਲਾਟ ਕਰ ਦਿੱਤਾ ਜਾਵੇਗਾ।