ਕਰਮਜੀਤ ਸਿੰਘ ਚਿੱਲਾ
ਬਨੂੜ, 19 ਜੂਨ
ਵਾਰਡ ਨੰਬਰ ਦਸ ਦੇ ਵਸਨੀਕ ਪਿਛਲੇ ਲੰਮੇਂ ਸਮੇਂ ਤੋਂ ਪੀਣ ਵਾਲੇ ਪਾਣੀ ਵਿੱਚ ਆ ਰਹੇ ਰੇਤੇ ਤੋਂ ਪ੍ਰੇਸ਼ਾਨ ਹਨ। ਵਾਰਡ ਵਾਸੀਆਂ ਨੇ ਗੰਧਲੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਪ੍ਰਗਟ ਕਰਦਿਆਂ ਉਚ ਅਧਿਕਾਰੀਆਂ ਤੋਂ ਦਖਲ ਦੇ ਕੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਵਾਰਡ ਦੇ ਸਾਬਕਾ ਕੌਂਸਲਰ ਜਗਤਾਰ ਸਿੰਘ ਕਨੌੜ, ਧਰਮਿੰਦਰ ਸਿੰਘ, ਰਾਜ ਕੁਮਾਰ, ਕਰਨੈਲ ਸਿੰਘ ਹਰਨੇਕ ਸਿੰਘ, ਜਗਜੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਸਟੇਡੀਅਮ ਵਿੱਚ ਲੱਗੇ ਹੋਏ ਟਿਊਬਵੈੱਲ ਤੋਂ ਪੀਣ ਵਾਲਾ ਪਾਣੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਰੇਤਾ-ਮਿੱਟੀ ਆਦਿ ਵਾਲਾ ਗੰਧਲਾ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਧਲੇ ਪਾਣੀ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਹੈ ਤੇ ਆਰਓ ਵੀ ਖਰਾਬ ਹੋ ਚੁੱਕੇ ਹਨ। ਵਾਰਡ ਦੇ ਵਸਨੀਕ ਗੰਦੇ ਪਾਣੀ ਦਾ ਮਾਮਲਾ ਵਾਰਡ ਦੀ ਮੌਜੂਦਾ ਕੌਂਸਲਰ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਵੀ ਉਠਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਮਾਮਲਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ: ਕੌਂਸਲਰ
ਵਾਰਡ ਦੀ ਕੌਂਸਲਰ ਹਰਵਿੰਦਰ ਕੌਰ ਡਾਂਗੀ ਨੇ ਵਾਰਡ ਵਿੱਚ ਗੰਧਲਾ ਪਾਣੀ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਕਾਰਜਸਾਧਕ ਅਫ਼ਸਰ ਅਤੇ ਹਲਕੇ ਦ ਵਿਧਾਇਕਾ ਦੇ ਧਿਆਨ ਵਿੱਚ ਲਿਆ ਚੁੱਕੇ ਹਨ।
ਸੀਵਰੇਜ ਬੋਰਡ ਨੂੰ ਪੱਤਰ ਲਿਖਿਆ: ਈਓ
ਨਗਰ ਕੌਂਸਲ ਦੇ ਈਓ ਬਲਜਿੰਦਰ ਸਿੰਘ ਨੇ ਆਖਿਆ ਕਿ ਇਹ ਟਿਊਬਵੈੱਲ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਖਰਾਬੀ ਨੂੰ ਠੀਕ ਕਰਨ ਲਈ ਸੀਵਰੇਜ ਬੋਰਡ ਦੇ ਐੱਸਡੀਓ ਨੂੰ ਪੱਤਰ ਲਿਖਿਆ ਗਿਆ ਹੈ ਤੇ ਇੱਕ ਨਵੇਂ ਟਿਊਬਵੈੱਲ ਦੀ ਵੀ ਤਜਵੀਜ਼ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ।