ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 1 ਸਤੰਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਸਰਕਾਰ ’ਤੇ ਐਸਸੀ, ਐਸਟੀ ਅਤੇ ਓਬਸੀ ਸ਼੍ਰੇਣੀਆਂ ਲਈ ਰਾਖਵੇਂਕਰਣ ਦੇ ਸੰਵਿਧਾਨਕ ਹੱਕਾਂ ਨੂੰ ਦਰਕਿਨਾਰ ਦੇ ਦੋਸ਼ ਲਗਾਏ ਹਨ। ਉਹ ਅੱਜ ਬਸਪਾ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਕੀਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਵਿੱਚ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਟੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਗੜ੍ਹੀ ਦੀ ਅਗਵਾਈ ਹੇਠ ਸਿੰਘ ਸ਼ਹੀਦਾਂ ਸੋਹਾਣਾ ਦੇ ਚੌਕ ਤੋਂ ਲੈ ਕੇ ਡੀਸੀ ਕੰਪਲੈਕਸ ਤੱਰੋਸ ਮਾਰਚ ਵੀ ਕੱਢਿਆ ਗਿਆ।
ਸ੍ਰੀ ਗੜ੍ਹੀ ਨੇ ਆਖਿਆ ਕਿ ਮੁਹੱਲਾ ਕਲੀਨਿਕਾਂ ਵਿਖੇ ਰੱਖੇ ਗਏ ਡਾਕਟਰਾਂ, ਫਾਰਮਾਸਿਸਟਾਂ ਅਤੇ ਹੋਰ ਸਟਾਫ਼ ਵਿੱਚੋਂ ਰਾਖਵਾਂਕਰਨ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਇਸੇ ਤਰਾਂ ਆਊਟਸੋਰਸ ਅਤੇ ਹੋਰ ਸਕੀਮਾਂ ਅਧੀਨ ਰੱਖੇ ਜਾਂਦੇ ਕਰਮਚਾਰੀਆਂ ਸਮੇਂ ਰਾਖਵਾਂਕਰਣ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਨੀਤੀ ਨੂੰ ਠੀਕ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਮਾਲੇਰਕੋਟਲਾ ਵਿਖੇ ਇੱਕ ਗ੍ਰੰਥੀ ਦਾ ਮੂੰਹ ਕਾਲਾ ਕਰਨ ਅਤੇ ਰਾਜ ਦੀਆਂ ਕੁੱਝ ਹੋਰ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਇਕੱਠ ਨੂੰ ਬਸਪਾ ਦੇ ਸੀਨੀਅਰ ਆਗੂ ਅਜੀਤ ਸਿੰਘ ਭੈਣੀ, ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਜਗਜੀਤ ਸਿੰਘ ਛੜਬੜ੍ਹ, ਹਰਨੇਕ ਸਿੰਘ, ਸੁਰਿੰਦਰਪਾਲ ਸਿੰਘ ਸਹੌੜਾਂ, ਹਰਜੀਤ ਸਿੰਘ ਲੌਂਗੀਆ, ਸੁਖਦੇਵ ਸਿੰਘ ਚੱਪੜਚਿੜ੍ਹੀ, ਚਰਨਜੀਤ ਸਿੰਘ ਦੇਵੀਨਗਰ, ਕਰਮਜੀਤ ਕੌਰ ਬੜਾਣਾ ਨੇ ਵੀ ਸੰਬੋਧਨ ਕੀਤਾ।
ਮੁੜ ਵਸੇਬਾ ਸਕੀਮ: ਅਲਾਟੀਆਂ ਦੀਆਂ ਸਮੱਸਿਆਵਾਂ ਬਾਰੇ ਸਲਾਹਕਾਰ ਨੂੰ ਮੰਗ ਪੱਤਰ
ਚੰਡੀਗੜ੍ਹ (ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਇਕਾਈ ਦਾ ਇਕ ਵਫ਼ਦ ਪਾਰਟੀ ਪ੍ਰਧਾਨ ਵਰਿਆਮ ਸਿੰਘ ਅਤੇ ਪ੍ਰਦੇਸ਼ ਪ੍ਰਭਾਰੀ ਐਡਵੋਕੇਟ ਸੁਦੇਸ਼ ਕੁਮਾਰ ਦੀ ਅਗਵਾਈ ਵਿਚ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ ਆਈ.ਏ.ਐਸ. ਨੂੰ ਮਿਲਿਆ। ਵਫ਼ਦ ਵੱਲੋਂ ਮੁੜ ਵਸੇਬਾ ਯੋਜਨਾ ਤਹਿਤ ਅਲਾਟ ਕੀਤੇ ਗਏ ਮਕਾਨ/ਫਲੈਟਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸਲਾਹਕਾਰ ਸਾਹਮਣੇ ਰੱਖਿਆ ਗਿਆ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਗਈ।