ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਈ
ਸ਼ਹਿਰ ਵਿੱਚ ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਦੇ ਕਾਰੋਬਾਰ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਧੋਖਾਧੜੀ ਨੂੰ ਰੋਕਣ ਲਈ ਰੀਅਲ ਐਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ) ਨੇ ਨਵੀਂ ਵਿਉਤਬੰਦੀ ਕੀਤੀ ਹੈ। ਚੰਡੀਗੜ੍ਹ ਵਿੱਚ 500 ਵਰਗ ਮੀਟਰ ਤੋਂ ਵੱਧ ਦੀ ਰਿਹਾਇਸ਼ੀ ਜਾਂ ਵਪਾਰਕ ਉਸਾਰੀ ਲਈ ਰੇਰਾ ਕੋਲ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਨ੍ਹਾਂ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਰੇਰਾ ਦੇ ਚੇਅਰਮੈਨ ਆਨੰਦ ਕੁਮਾਰ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜੋ ਵੀ ਵਿਅਕਤੀ 500 ਵਰਗ ਮੀਟਰ ਤੋਂ ਵੱਧ ਥਾਂ ’ਤੇ ਰਿਹਾਇਸ਼ੀ ਜਾਂ ਵਪਾਰਕ ਉਸਾਰੀ ਕਰੇਗਾ ਜਾਂ ਅਪਾਰਟਮੈਂਟਾਂ ਤੇ ਦਫ਼ਤਰਾਂ ਦੀ ਉਸਾਰੀ ਗਿਣਤੀ 8 ਤੋਂ ਵੱਧ ਹੈ ਤਾਂ ਰੀਅਲ ਐਸਟੇਟ ਰੈਗੂਲੇਟਰੀ ਅਥਾਰਿਟੀ ਵੱਲੋਂ ਜਾਰੀ ਨਵਾਂ ਨਿਯਮ ਲਾਗੂ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਪ੍ਰਮੋਟਰ 500 ਵਰਗ ਮੀਟਰ ਥਾਂ ਤੋਂ ਵਧ ਜ਼ਮੀਨ ’ਤੇ ਫਲੈਟ ਜਾਂ ਦੁਕਾਨਾਂ ਬਣਾਉਂਦਾ ਹੈ ਤਾਂ ਉਸ ਨੂੰ ਵੀ ਰੇਰਾ ਕੋਲ ਰਜਿਸਟਰੇਸ਼ਨ ਕਰਵਾਉਣਾ ਪਵੇਗਾ। ਰੇਰਾ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਕੋਈ ਪ੍ਰਮੋਟਰ ਰੀਅਲ ਐਸਟੇਟ ਪ੍ਰਾਜੈਕਟ ਨੂੰ ਰੇਰਾ ਕੋਲ ਰਜਿਸਟਰ ਨਹੀਂ ਕਰਵਾਉਂਦਾ ਤਾਂ ਪ੍ਰਾਜੈਕਟ ਦੀ ਕੁੱਲ ਲਾਗਤ ਦਾ 10 ਫ਼ੀਸਦ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਯੋਗ ਥਾਂ ’ਤੇ ਉਸਾਰੀ ਕਰਨਾ ਗੈਰਕਾਨੂੰਨੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਦੇ ਬੱਸ ਕਿਊ ਸ਼ੈਲਟਰ ਹੋਣਗੇ ਹਾਈਟੈੱਕ ਪ੍ਰਣਾਲੀ ਨਾਲ ਲੈਸ
ਚੰਡੀਗੜ੍ਹ (ਮੁਕੇਸ਼ ਕੁਮਾਰ): ਸ਼ਹਿਰ ਵਿੱਚ ਸਾਢੇ ਸੱਤ ਕਰੋੜ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਬੱਸ ਕਿਊ ਸ਼ੈਲਟਰਾਂ ਨੂੰ ਪ੍ਰਸ਼ਾਸਨ ਵੱਲੋਂ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਪ੍ਰਾਜੈਕਟ ਤਹਿਤ ਹਾਈਟੈੱਕ ਪ੍ਰਣਾਲੀ ਨਾਲ ਲੈਸ ਕੀਤਾ ਜਾਵੇਗਾ। ਇਨ੍ਹਾਂ ਸ਼ੈਲਟਰਾਂ ਵਿੱਚ ਸੂਚਨਾ ਬੋਰਡ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 209 ਬੱਸ ਕਿਊ ਸ਼ੈਲਟਰ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲੋਕਲ ਬੱਸਾਂ ਦੇ ਟਾਈਮ ਟੇਬਲ ਸਮੇਤ ਬੱਸ ਦੀ ਮੌਜੂਦਾ ਸਥਿਤੀ ਅਤੇ ਬੱਸ ਸਟਾਪ ’ਤੇ ਪਹੁੰਚਣ ਦੇ ਸਮੇਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਹੈਰੀਟੇਜ ਅਕਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਕਰੀਟ ਬੱਸ ਕਿਊ ਸ਼ੈਲਟਰ ਬਣਾਏ ਜਾ ਰਹੇ ਹਨ ਜੋ ਕਿ ਵਿਸ਼ੇਸ਼ ਡਿਜ਼ਾਈਨ ਵਾਲੇ ਹੋਣਗੇ ਅਤੇ ਅਗਲੇ ਇੱਕ ਸਾਲ ਵਿੱਚ ਇਹ ਸ਼ੈਲਟਰ ਤਿਆਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਨਾਲ ਹੀ ਪੁਰਾਣੇ ਸ਼ੈਲਟਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ’ਤੇ ਤਿੰਨ ਕਰੋੜ ਰੁਪਏ ਖਰਚੇ ਜਾਣਗੇ ਤੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 10 ਜੂਨ ਤੱਕ ਕੰਪਨੀਆਂ ਟੈਂਡਰ ਭਰ ਸਕਦੀਆਂ ਹਨ। ਪ੍ਰਸ਼ਾਸਨ ਵੱਲੋਂ ਇਥੇ ਸੈਕਟਰ-17 ਅਤੇ 18 ਨੂੰ ਵੰਡਦੀ ਸੜਕ ’ਤੇ ਸੈਂਪਲ ਬੱਸ ਕਿਊ ਸ਼ੈਲਟਰ ਬਣਾਇਆ ਗਿਆ ਹੈ।