ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ 131 ਐੱਨਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿਵਾਦਾਂ ਵਿੱਚ ਘਿਰ ਗਈ ਹੈ। ਵਿਭਾਗ ਵੱਲੋਂ ਹੁਣ ਅਧਿਆਪਕਾਂ ਤੋਂ ਕੰਪਿਊਟਰ ਸਰਟੀਫਿਕੇਟ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਨਿਯਮਾਂ ਅਨੁਸਾਰ ਇਸ ਅਹੁਦੇ ਲਈ ਕੰਪਿਊਟਰ ਕੋਰਸ ਕਰਨਾ ਜ਼ਰੂਰੀ ਨਹੀਂ ਹੈ। ਵਿਭਾਗ ਦੀ ਇਸ ਆਪਹੁਦਰੀ ਕਾਰਨ ਪ੍ਰੀਖਿਆਰਥੀਆਂ ਵਿੱਚ ਰੋਸ ਹੈ। ਉਨ੍ਹਾਂ ਇਸ ਸਬੰਧੀ ਬੀਤੇ ਦਿਨ ਸਿੱਖਿਆ ਸਕੱਤਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਨਰਸਰੀ ਜਮਾਤਾਂ ਲਈ ਪੜ੍ਹਾਉਣ ਵਾਲੇ 131 ਐੱਨਟੀਟੀ ਅਧਿਆਪਕਾਂ ਦੀ ਭਰਤੀ ਨਵੰਬਰ 2019 ਵਿੱਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਅਧਿਆਪਕ ਭਰਤੀ ਲਈ ਪ੍ਰੀਖਿਆ ਹੋਈ ਪਰ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਭਰਤੀ ਨਹੀਂ ਕੀਤਾ ਪਰ ਹੁਣ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਅਹੁਦੇ ’ਤੇ ਦਰਖਾਸਤ ਦੇਣ ਵਾਲੇ ਅਧਿਆਪਕ ਕੰਪਿਊਟਰ ਕੋਰਸ ਕੀਤੇ ਹੋਣ ਦਾ ਸਰਟੀਫਿਕੇਟ ਲੈ ਕੇ ਆਉਣ ਤੇ ਇਹ ਸਰਟੀਫਿਕੇਟ ਮਾਨਤਾ ਪ੍ਰਾਪਤ ਸੰਸਥਾਨ ਦਾ ਹੋਣਾ ਜ਼ਰੂਰੀ ਹੈ। ਇਸ ਪ੍ਰੀਖਿਆ ਲਈ ਯੋਗ ਅਧਿਆਪਕ ਨੇ ਦੱਸਿਆ ਕਿ ਉਸ ਨੇ ਸਾਲ 2015 ਵਿੱਚ ਐੱਨਟੀਟੀ ਕੀਤੀ ਹੋਈ ਹੈ ਪਰ ਸਿੱਖਿਆ ਵਿਭਾਗ ਦਾ ਅਮਲਾ ਉਸ ਦੀ ਇਕ ਸਾਲ ਦੇ ਡਿਪਲੋਮੇ ’ਤੇ ਵੀ ਇਤਰਾਜ਼ ਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਅਧਿਆਪਕ ਯੋਗਤਾ ਅਨੁਸਾਰ ਐੱਨਟੀਟੀ ਦੇ ਨਾਲ ਗਰੈਜੂਏਸ਼ਨ ਹੋਣੀ ਜ਼ਰੂਰੀ ਹੈ ਪਰ ਕੇਂਦਰ ਦੀਆਂ ਹਦਾਇਤਾਂ ਵਿਚ ਕੰਪਿਊਟਰ ਕੋਰਸ ਦਾ ਕੋਈ ਜ਼ਿਕਰ ਨਹੀਂ ਹੈ।
ਇਕ ਹੋਰ ਪ੍ਰੀਖਿਆਰਥੀ ਨੇ ਦੱਸਿਆ ਕਿ ਜਦੋਂ ਯੂਟੀ ਦੇ ਸਿੱਖਿਆ ਵਿਭਾਗ ਨੇ ਐੱਨਟੀਟੀ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ ਤਾਂ ਉਸ ਵਿੱਚ ਕੰਪਿਊਟਰ ਸਰਟੀਫਿਕੇਟ ਦਾ ਕੋਈ ਜ਼ਿਕਰ ਨਹੀਂ ਸੀ। ਦੱਸਣਯੋਗ ਹੈ ਕਿ ਐੱਨਟੀਟੀ 2017 ਤੱਕ ਇਕ ਸਾਲ ਦੀ ਹੁੰਦੀ ਸੀ, ਜੋ ਹੁਣ 2 ਸਾਲਾਂ ਦੀ ਕਰ ਦਿੱਤੀ ਗਈ ਹੈ। ਇਹ ਦੀ ਦੱਸਣਾ ਬਣਦਾ ਹੈ ਕਿ ਇਸ ਵੇਲੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਐੱਨਟੀਟੀ ਅਧਿਆਪਕਾਂ ਦੀ ਭਾਰੀ ਘਾਟ ਹੈ।
ਸ਼ਿਕਾਇਤਾਂ ਹੱਲ ਕੀਤੀਆਂ ਜਾਣਗੀਆਂ: ਸਕੱਤਰ
ਸਿੱਖਿਆ ਸਕੱਤਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਹੈ ਪਰ ਉਹ ਇਸ ਮਾਮਲੇ ਦਾ ਪਤਾ ਕਰਵਾ ਕੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਢਵਾਉਣਗੇ। ਦੱਸਣਾ ਬਣਦਾ ਹੈ ਕਿ ਰਾਈਟ ਟੂ ਐਜੂਕੇਸ਼ਨ ਤਹਿਤ ਇਕ ਜਮਾਤ ਵਿੱਚ 45 ਵਿਦਿਆਰਥੀ ਹੀ ਸਿੱਖਿਆ ਲੈ ਸਕਦੇ ਹਨ ਪਰ ਅਧਿਆਪਕਾਂ ਦੀ ਘਾਟ ਕਾਰਨ ਸਰਕਾਰੀ ਸਕੂਲਾਂ ਦੀ ਇਕ ਜਮਾਤ ਵਿਚ 70 ਤੋਂ 80 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਐਨਟੀਟੀ ਭਰਤੀ ਲਈ 17 ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਬਾਕੀ ਕੋਲੋਂ ਹਾਲੇ ਸਰਟੀਫਿਕੇਟ ਮੰਗੇ ਜਾ ਰਹੇ ਹਨ।