ਪੱਤਰ ਪ੍ਰੇਰਕ
ਬਨੂੜ, 15 ਨਵੰਬਰ
ਇੱਥੋਂ ਦੇ ਸਰਕਾਰੀ ਹਸਪਤਾਲ ਦੇ ਬਾਹਰੀ ਹਿੱਸੇ ਦੇ ਨਵੀਨੀਕਰਨ ਦਾ ਅੱਜ ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੀਂਹ ਪੱਥਰ ਰੱਖਿਆ। ਉਨ੍ਹਾਂ ਹਸਪਤਾਲ ਦੀ ਲੋੜ ਦੀ ਪੂਰਤੀ ਲਈ 82 ਕਿਲੋਵਾਟ ਦਾ ਜੈਨਰੇਟਰ ਸੈੱਟ ਅਤੇ ਐਂਬੂਲੈਂਸ ਆਪਣੇ ਪਰਿਵਾਰ ਵੱਲੋਂ ਹਸਪਤਾਲ ਨੂੰ ਭੇਟ ਕੀਤੀ। ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਗਗਨਦੀਪ ਸਿੰਘ ਸ਼ੇਰ ਗਿੱਲ ਨੇ ਵਿਧਾਇਕ ਤੋਂ ਦੋਵੇਂ ਵਸਤਾਂ ਦੀਆਂ ਚਾਬੀਆਂ ਹਾਸਲ ਕੀਤੀਆਂ। ਸ੍ਰੀ ਕੰਬੋਜ ਨੇ ਦੱਸਿਆ ਕਿ ਹਸਪਤਾਲ ਦੇ ਬਾਹਰੀ ਕੰਮਾਂ, ਜਿਨ੍ਹਾਂ ਵਿੱਚ ਪਾਣੀ ਦਾ ਨਿਕਾਸ ਤੇ ਇੰਟਰਲੌਕ ਟਾਇਲਾਂ ਸ਼ਾਮਿਲ ਹਨ, ਉੱਤੇ 35 ਲੱਖ ਦੇ ਕਰੀਬ ਰਾਸ਼ੀ ਖਰਚ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਉੱਪ ਪ੍ਰਧਾਨ ਜਗਦੀਸ਼ ਕਾਲਾ ਤੇ ਈਓ ਬਲਜਿੰਦਰ ਸਿੰਘ ਆਦਿ ਮੌਜੂਦ ਸਨ। ਬਨੂੜ ਹਸਪਤਾਲ ਵਿੱਚ ਛੇ ਮਹੀਨੇ ਤੋਂ ਵੱਡੀ ਐਕਸਰੇ ਮਸ਼ੀਨ ਸਥਾਪਿਤ ਹੋਣ ਦੀ ਉਡੀਕ ਵਿੱਚ ਡੱਬੇ ਵਿੱਚ ਬੰਦ ਪਈ ਹੈ। ਵਿਧਾਇਕ ਕੰਬੋਜ ਨੇ ਐਕਸਰੇ ਮਸ਼ੀਨ ਦਾ ਮਾਮਲਾ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਮਸ਼ੀਨ ਸਥਾਪਿਤ ਕਰਾਉਣ ਦਾ ਭਰੋਸਾ ਦਿਵਾਇਆ।