ਮੁਕੇਸ਼ ਕੁਮਾਰ
ਚੰਡੀਗੜ੍ਹ, 2 ਜੂਨ
ਸ਼ਹਿਰ ਵਿੱਚ ਬੇਤਰਤੀਬ ਅਤੇ ਅਣਅਧਿਕਾਰਤ ਇਸ਼ਤਿਹਾਰੀ ਬੋਰਡਾਂ ਅਤੇ ਹੋਰਡਿੰਗਜ਼ ਨੂੰ ਲੈਕੇ ਚੰਡੀਗੜ੍ਹ ਨਗਰ ਨਿਗਮ ਸਖ਼ਤ ਹੋ ਗਿਆ ਹੈ। ਸੜਕ ਸੁਰੱਖਿਆ ਅਤੇ ਸ਼ਹਿਰ ਦੇ ਵਿਰਾਸਤੀ ਅਕਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਇਲਾਕਿਆਂ ਵਿੱਚ ਅਣਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਨਿਗਮ ਕਮਿਸ਼ਨਰ ਨੇ ਚੰਡੀਗੜ੍ਹ ਐਡਵਰਟਾਈਜ਼ਮੈਂਟ ਕੰਟਰੋਲ ਆਰਡਰ 1954 ਵਿੱਚ ਇਸ਼ਤਿਹਾਰੀ ਬੋਰਡਾਂ ਅਤੇ ਹੋਰਡਿੰਗਾਂ ਨੂੰ ਲੈਕੇ ਕੀਤੀਆਂ ਗਈਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਵਾਲੇ ਹੋਰਡਿੰਗਾਂ ’ਤੇ ਸਿਕੰਜਾ ਕੱਸਦਿਆਂ ਅੱਜ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਭਰ ਲੱਗੇ ਅਣਅਧਿਕਾਰਤ ਫਲੈਕਸ ਬੋਰਡਾਂ ਤੇ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਦੇ ਹੁਕਮ ਦਿੱਤੇ।
ਨਿਗਮ ਕਮਿਸ਼ਨਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਐਨਫੋਰਸਮੈਂਟ ਵਿੰਗ ਨੇ ਸੈਕਟਰ-22 ਦੀ ਮਾਰਕੀਟ ਵਿੱਚ ਲੱਗੇ ਅਣਅਧਿਕਾਰਤ ਹੋਰਡਿੰਗਾਂ ਅਤੇ ਬੈਨਰਾਂ ਨੂੰ ਹਟਾ ਦਿੱਤਾ। ਇਸ ਤੋਂ ਇਲਾਵਾ ਪੰਜ ਡਿਫਾਲਟਰ ਕੰਪਨੀਆਂ ਨੂੰ ਨਗਰ ਨਿਗਮ ਵੱਲੋਂ ਡੇਢ ਲੱਖ ਰੁਪਏ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ ਗਏ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਚੰਡੀਗੜ੍ਹ ਐਡਵਰਟਾਈਜ਼ਮੈਂਟ ਕੰਟਰੋਲ ਆਰਡਰ, 1954 ਦੀਆਂ ਮੱਦਾਂ ਨੂੰ ਲਾਗੂ ਕਰਨ ਲਈ ਅਪਰੈਲ ਮਹੀਨੇ ਸਬੰਧਤ ਧਿਰਾਂ ਨਾਲ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਹੀ ਜਨਤਕ ਸਥਾਨਾਂ ਅਤੇ ਬਾਜ਼ਾਰਾਂ ਵਿੱਚ ਲਗਾਏ ਗਏ ਅਣਅਧਿਕਾਰਤ ਪੋਸਟਰਾਂ, ਬੈਨਰਾਂ ਅਤੇ ਹੋਰਡਿੰਗਾਂ ਨੂੰ ਹਟਾਉਣ ਲਈ ਮੁਹਿੰਮ ਛੇੜੀ ਗਈ ਹੈ।