ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 4 ਜਨਵਰੀ
ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਅੱਜ ਇੱਥੇ ਮਨੀਮਾਜਰਾ ਦੀ ਮੋਟਰ ਮਾਰਕੀਟ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਮਾਰਕੀਟ ਵਿੱਚ ਸਰਕਾਰੀ ਥਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ। ਨਿਗਮ ਦੀ ਟੀਮ ਨੇ ਮਾਰਕੀਟ ਵਿੱਚ ਹਾਈਡ੍ਰੋਲਿਕ ਕਰੇਨ ਦੀ ਮਦਦ ਨਾਲ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਉੱਥੇ ਜਨਤਕ ਥਾਵਾਂ ’ਤੇ ਲਗਾਈ ਮਸ਼ੀਨਰੀ ਹਟਾਈ। ਇਸ ਦੇ ਨਾਲ ਹੀ ਮਾਰਕੀਟ ਵਿੱਚ ਗੈਰਕਾਨੂੰਨੀ ਤੌਰ ’ਤੇ ਬੈਠੇ ਮਕੈਨਿਕਾਂ ਦੀਆਂ ਪੇਟੀਆਂ ਵੀ ਜ਼ਬਤ ਕੀਤੀਆਂ। ਨਿਗਮ ਦੀ ਇਸ ਕਾਰਵਾਈ ਮੌਕੇ ਪੁਲੀਸ ਵੀ ਮੌਜੂਦ ਸੀ।
ਹਾਲਾਂਕਿ ਨਗਰ ਨਿਗਮ ਦੀ ਕਾਰਵਾਈ ਦਾ ਮਾਰਕੀਟ ਦੇ ਕਈ ਦੁਕਾਨਦਾਰਾਂ ਨੇ ਵਿਰੋਧ ਵੀ ਕੀਤਾ ਪਰ ਪੁਲੀਸ ਦੇ ਸਖਤ ਪ੍ਰਬੰਧਾਂ ਹੇਠ ਨਿਗਮ ਦੀ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਨਿਗਮ ਦੇ ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਡੀਪੀ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਦੇ ਆਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚੋਂ ਨਿਗਮ ਦੀ ਟੀਮ ਨੇ ਲਗਪਗ ਅੱਠ ਟਰੱਕ ਭਰ ਕੇ ਸਾਮਾਨ ਜ਼ਬਤ ਕੀਤਾ ਅਤੇ 58 ਗੈਰਕਾਨੂੰਨੀ ਕਬਜ਼ਾਧਾਰੀਆਂ ਦੇ ਚਲਾਨ ਵੀ ਕੱਟੇ। ਮਾਰਕੀਟ ਵਿੱਚ ਡੰਪ ਕੀਤੇ ਗਏ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਜਨਤਕ ਥਾਵਾਂ ’ਤੇ ਮਾਰਕੀਟ ਦੇ ਦੁਕਾਨਦਾਰਾਂ ਅਤੇ ਹੋਰ ਮਕੈਨਿਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਨਿਗਮ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਤੇ ਆਦੇਸ਼ਾਂ ’ਤੇ ਅੱਜ ਇੱਥੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਦੁਕਾਨਦਾਰਾਂ ਤੇ ਮਕੈਨਿਕਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਕਿ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਨਿਗਮ ਵੱਲੋਂ ਅਜਿਹੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਨਿਗਮ ਦੀ ਟੀਮ ਨੇ ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਡੀਪੀ ਸਿੰਘ ਸਹਿਤ ਇੰਸਪੈਕਟਰ ਅਵਤਾਰ ਸਿੰਘ, ਲਲਿਤ ਤਿਆਗੀ, ਅਸ਼ੋਕ ਕੁਮਾਰ ਅਤੇ ਵੇਦ ਪ੍ਰਕਾਸ਼ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਗਈ।