ਪੱਤਰ ਪ੍ਰੇਰਕ
ਚੰਡੀਗੜ੍ਹ, 12 ਮਈ
ਕੌਮਾਂਤਰੀ ਨਰਸਿੰਗ ਦਿਵਸ ਮੌਕੇ ਪੀਜੀਆਈ ਵਿੱਚ ਅੱਜ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਫਲੋਰੈਂਸ ਨਾਈਟਿੰਗੇਲ ਨੂੰ ਯਾਦ ਕੀਤਾ ਗਿਆ। ਪੀਜੀਆਈ ਦੇ ਨਹਿਰੂ ਹਸਪਤਾਲ ਐਕਸਟੈਂਸ਼ਨ ਵਿੱਚ ਕੋਵਿਡ ਨੂੰ ਸਮਰਪਿਤ ਹਸਪਤਾਲ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਫਲੋਰੈਂਸ ਨਾਈਟਿੰਗੇਲ ਦੀ ਫੋਟੋ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਕਰੋਨਾ ਮਹਾਂਮਾਰੀ ਖਿਲਾਫ਼ ਚੱਲੀ ਰਹੀ ਜੰਗ ਜਿੱਤਣ ਲਈ ਪ੍ਰਣ ਕੀਤਾ ਗਿਆ। ਪ੍ਰੋਗਰਾਮ ਵਿੱਚ ਡੀਨ (ਅਕਾਦਮਿਕਸ) ਪ੍ਰੋ. ਜੀਡੀ ਪੁਰੀ, ਪ੍ਰੋ. ਏਕੇ ਗੁਪਤਾ, ਕੁਮਾਰ ਗੌਰਵ ਧਵਨ, ਪ੍ਰੋ. ਵਿਪਿਨ ਕੌਸ਼ਲ, ਪ੍ਰੋ. ਅਸ਼ੋਕ ਕੁਮਾਰ ਹਾਜ਼ਰ ਸਨ। ਡਿਪਟੀ ਨਰਸਿੰਗ ਸੁਪਰਡੰਟ ਉਮਾ ਜੌਲੀ ਨੇ ਕਿਹਾ ਸਟਾਫ਼ ਵੱਲੋਂ ਇਸ ਮੌਕੇ ‘ਹਮ ਹੋਂਗੇ ਕਾਮਯਾਬ ਏਕ ਦਿਨ’ ਗੀਤ ਗਾ ਕੇ ਕਰੋਨਾ ਉਤੇ ਜੰਗ ਜਿੱਤਣ ਦਾ ਪ੍ਰਣ ਕੀਤਾ ਗਿਆ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਿਵਲ ਹਸਪਤਾਲ ਅੰਬਾਲਾ ਛਾਉਣੀ, ਸ਼ਾਹਜ਼ਾਦਪੁਰ ਅਤੇ ਆਰੀਆ ਗਰਲਜ਼ ਕਾਲਜ ਅੰਬਾਲਾ ਛਾਉਣੀ ਵਿਚ ਅੱਜ ਕੌਮਾਂਤਰੀ ਨਰਸਿੰਗ ਡੇਅ ਮਨਾਇਆ ਗਿਆ।ਸਿਵਲ ਹਸਪਪਤਾਲ ਦੇ ਡਿਪਟੀ ਮੈਡੀਕਲ ਆਫੀਸਰ ਵਿਨੈ ਗੋਇਲ ਨੇ ਇਸ ਮੌਕੇ ਨਰਸਾਂ ਦੀ ਸ਼ਲਾਘਾ ਕੀਤੀ। ਆਰੀਆ ਗਰਲਜ਼ ਕਾਲਜ ਅੰਬਾਲਾ ਛਾਉਣੀ ਵਿਚ ਪ੍ਰਿੰਸੀਪਲ ਡਾ. ਅਨੁਪਮਾ ਆਰੀਆ, ਡਾ. ਸਰਿਤਾ ਚੌਧਰੀ, ਡਾ. ਰੇਖਾ ਨੇ ਵਿਚਾਰ ਰੱਖੇ। ਡਾ.ਸੁਨੀਤਾ ਨੇ ਨਰਸਾਂ ਨੂੰ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੱਸਿਆ।
ਡੀਸੀ ਨੇ ਨਰਸਾਂ ਨੂੰ ਤੋਹਫ਼ੇ ਤੇ ‘ਧੰਨਵਾਦ’ ਕਾਰਡ ਵੰਡੇ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਡੀਸੀ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਹੋਣਹਾਰ ਨਰਸਾਂ ਨੂੰ ਵਿਸ਼ੇਸ਼ ਤੋਹਫ਼ੇ ਅਤੇ ‘ਧੰਨਵਾਦ’ ਕਾਰਡ ਵੰਡੇ। ਇਸ ਮੌਕੇ ਏਡੀਸੀ ਰਾਜੀਵ ਗੁਪਤਾ ਅਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੇ ਸਮੇਂ ਨਰਸਾਂ ਦਾ ਅਸਧਾਰਨ ਯੋਗਦਾਨ ਪ੍ਰੇਰਣਾਦਾਇਕ ਰਿਹਾ ਹੈ ਅਤੇ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।