ਪੱਤਰ ਪ੍ਰੇਰਕ
ਬਨੂੜ, 25 ਜੁਲਾਈ
ਇੱਥੋਂ ਨਜ਼ਦੀਕੀ ਪਿੰਡ ਤੰਗੋਰੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰੂ ਕੇ ਬਾਗ ਦੇ ਮੋਰਚੇ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਸਮਾਜ ਸੇਵੀ ਹਰਦੀਪ ਸਿੰਘ ਬਠਲਾਣਾ ਅਤੇ ਗੁਰਦੁਆਰਾ ਅੰਬ ਸਾਹਿਬ ਤੋਂ ਆਏ ਕਥਾ ਵਾਚਕ ਭਾਈ ਜਤਿੰਦਰ ਸਿੰਘ ਨੇ ਸੰਗਤਾਂ ਨੂੰ ਦੋਵੇਂ ਮੋਰਚਿਆਂ ਦੇ ਇਤਿਹਾਸ ਅਤੇ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਅਜਿਹੇ ਇਤਿਹਾਸਕ ਮੋਰਚਿਆਂ ਬਾਰੇ ਜਾਣਕਾਰੀ ਦੇਣ ਲਈ ਯਤਨ ਕਰਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਤੇ ਹੋਰ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਦੇ ਪੰਜਾਹ ਦੇ ਕਰੀਬ ਅੰਮ੍ਰਿਤਧਾਰੀ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਪਿੰਡ ਤੰਗੌਰੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਨੇ ਸਾਰੀਆਂ ਧਾਰਮਿਕ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ।