ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਤੀਜੀ ਤੋਂ ਅੱਠਵੀਂ ਜਮਾਤ ਦਾ ਸਿਲੇਬਸ ਤੀਹ ਫੀਸਦ ਘਟਾ ਦਿੱਤਾ ਹੈ। ਇਸ ਸਬੰਧੀ ਹੁਕਮ 7 ਅਗਸਤ ਨੂੰ ਜਾਰੀ ਹੋ ਚੁੱਕੇ ਹਨ। ਇਹ ਪਹਿਲਕਦਮੀ ਸੀਬੀਐਸਈ ਵਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦਾ ਸਿਲੇਬਸ ਘਟਾਉਣ ਤੋਂ ਬਾਅਦ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਚੰਗੀ ਗੱਲ ਇਹ ਹੈ, ਕਿ ਵਿਭਾਗ ਨੇ ਸਿਰਫ ਉਹੀ ਸਿਲੇਬਸ ਘਟਾਇਆ ਹੈ ਜੋ ਹਾਲੇ ਪੜ੍ਹਾਇਆ ਨਹੀਂ ਗਿਆ ਸੀ ਤੇ ਵਿਵਾਦ ਤੋਂ ਬਚਣ ਲਈ ਵਿਭਾਗ ਨੇ ਸਿਰਫ ਗੈਰ ਜ਼ਰੂਰੀ ਸਿਲੇਬਸ ਘਟਾਇਆ ਹੈ। ਵਿਭਾਗ ਨੇ ਸਿਲੇਬਸ ਘਟਾਉਣ ਲਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 32 ਦੀ ਪ੍ਰਿੰਸੀਪਲ ਰੰਜਨਾ ਖੋਸਲਾ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21 ਦੀ ਪ੍ਰਿੰਸੀਪਲ ਸੁਖਪਾਲ ਕੌਰ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ ਜਿਸ ਵਿਚ ਹਰ ਵਿਸ਼ੇ ਦੇ ਮਾਹਿਰ ਅਧਿਆਪਕਾਂ ਦੀ ਸਲਾਹ ਅਨੁਸਾਰ ਹੀ ਸਿਲੇਬਸ ਘਟਾਇਆ ਗਿਆ। ਪ੍ਰਿੰਸੀਪਲ ਰੰਜਨਾ ਖੋਸਲਾ ਵੱਲੋਂ ਤੀਜੀ, ਚੌਥੀ ਤੇ ਪੰਜਵੀਂ ਦੇ ਸਿਲੇਬਸ ਨੂੰ ਤੇ ਪ੍ਰਿੰਸੀਪਲ ਸੁਖਪਾਲ ਕੌਰ ਵਲੋਂ ਛੇਵੀਂ, ਸੱਤਵੀਂ ਤੇ ਅੱਠਵੀਂ ਦੇ ਸਿਲੇਬਸ ਨੂੰ ਨਵੀਂ ਰੂਪ-ਰੇਖਾ ਦਿੱਤੀ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਕਾਰਨ ਹਾਲੇ ਸਕੂਲ ਬੰਦ ਹਨ ਤੇ ਅਧਿਆਪਕਾਂ ਨੂੰ ਆਨ-ਲਾਈਨ ਪੜ੍ਹਾਈ ਦੇ ਲੋੜ ਅਨੁਸਾਰ ਨਤੀਜੇ ਨਹੀਂ ਮਿਲ ਰਹੇ ਸਨ ਜਿਸ ਕਾਰਨ ਸਿਲੇਬਸ ਘਟਾਉਣਾ ਮਜਬੂਰੀ ਬਣ ਗਿਆ ਸੀ।
ਸਕੂਲ ਮੁਖੀਆਂ ਨੂੰ ਪੱਤਰ ਜਾਰੀ
ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਿਲਬੇਸ ਘਟਾਉਣ ਸਬੰਧੀ ਸਕੂਲ ਮੁਖੀਆਂ ਨੂੰ ਪੱਤਰ ਲਿਖਿਆ ਹੈ ਤੇ ਸਕੂਲ ਮੁਖੀਆਂ ਨੂੰ ਇਸ ਸਬੰਧੀ ਵਿਦਿਆਰਥੀਆਂ ਤਕ ਜਾਣਕਾਰੀ ਪੁੱਜਦੀ ਕਰਨ ਲਈ ਕਿਹਾ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਿਲੇਬਸ ਵਿਦਿਆਰਥੀਆਂ ਦੀ ਪੜ੍ਹਾਈ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਘਟਾਇਆ ਗਿਆ ਹੈ।
ਗਰੀਬ ਪਰਿਵਾਰਾਂ ਨੂੰ ਆ ਰਹੀ ਸੀ ਸਮੱਸਿਆ
ਸਿੱਖਿਆ ਵਿਭਾਗ ਨੂੰ ਫੀਡਬੈਕ ਮਿਲ ਰਹੀ ਸੀ ਕਿ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਹੀਂ ਮਿਲ ਰਹੀ। ਇਸ ਦਾ ਮੁੱਖ ਕਾਰਨ ਇਨ੍ਹਾਂ ਸਕੂਲਾਂ ਵਿਚ ਜ਼ਿਆਦਾਤਰ ਗਰੀਬ ਤਬਕੇ ਦੇ ਬੱਚਿਆਂ ਦਾ ਪੜ੍ਹਨਾ ਹੈ। ਇਨ੍ਹਾਂ ਪਰਿਵਾਰਾਂ ਕੋਲ ਨਾ ਲੈਪਟਾਪ ਹਨ ਤੇ ਨਾ ਹੀ ਡੈਸਕਟੌਪ ਜਿਸ ਕਾਰਨ ਇਨ੍ਹਾਂ ਦੇ ਬੱਚਿਆਂ ਨੂੰ ਮੋਬਾਈਲ ਰਾਹੀਂ ਹੀ ਆਨਲਾਈਨ ਜਮਾਤਾਂ ਲਾਉਣੀਆਂ ਪੈ ਰਹੀਆਂ ਹਨ ਪਰ ਇਕ ਹੀ ਮੋਬਾਈਲ ਹੋਣ ਤੇ ਬੱਚਿਆਂ ਦੇ ਮਾਪਿਆਂ ਵਲੋਂ ਕੰਮ ’ਤੇ ਜਾਣ ਕਾਰਨ ਸਮੱਸਿਆ ਆਉਂਦੀ ਹੈ। ਕਈ ਬੱਚਿਆਂ ਕੋਲ ਮੋਬਾਈਲ ਡਾਟਾ ਖ਼ਰੀਦਣ ਵੀ ਪੈਸੇ ਨਹੀਂ ਹਨ ਜਿਸ ਕਾਰਨ ਊਹ ਆਨ-ਲਾਈਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।