ਆਤਿਸ਼ ਗੁਪਤਾ
ਚੰਡੀਗੜ੍ਹ, 11 ਅਗਸਤ
ਚੰਡੀਗੜ੍ਹ ਅਤੇ ਨੇੜਲਿਆਂ ਇਲਾਕਿਆਂ ਵਿੱਚ ਅੱਜ ਸਵੇਰ ਸਮੇਂ ਪਏ ਹਲਕੇ ਮੀਂਹ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ। ਇਸ ਨਾਲ ਟ੍ਰਾਈਸਿਟੀ ਵਾਸੀਆਂ ਨੇ ਗਰਮੀ ਅਤੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ। ਮੀਂਹ ਕਾਰਨ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਮੀਂਹ ਰੁਕਣ ਮਗਰੋਂ ਵਾਤਾਵਰਣ ਬਿਲਕੁਲ ਸਾਫ਼ ਹੋ ਗਿਆ ਤੇ ਪ੍ਰਦੂਸ਼ਣ ਘਟਣ ਕਾਰਨ ਚੰਡੀਗੜ੍ਹ ਨੇੜੇ ਸਥਿਤ ਸ਼ਿਵਾਲਿਕ ਦੀਆਂ ਪਹਾੜੀਆਂ ਸਾਫ਼ ਦਿਖਾਈ ਦੇਣ ਲੱਗ ਪਈਆਂ ਜੋ ਕਿ ਦਿਨ ਭਰ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਮੌਸਮ ਵਿਭਾਗ ਵੱਲੋਂ 12 ਤੇ 13 ਅਗਸਤ ਨੂੰ ਸ਼ਹਿਰ ਵਿੱਚ ਬੱਦਲਵਾਈ ਅਤੇ 14 ਅਤੇ 15 ਅਗਸਤ ਨੂੰ ਸ਼ਹਿਰ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਚੰਡੀਗੜ੍ਹ ਵਿੱਚ 8.4 ਐੱਮਐੱਮ, ਮੁਹਾਲੀ ’ਚ 4.5 ਐੱਮਐੱਮ ਅਤੇ ਪੰਚਕੂਲਾ ’ਚ 7.5 ਐੱਮਐੱਮ ਮੀਂਹ ਪਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੁਹਾਲੀ ’ਚ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਿਹਾ ਅਤੇ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੱਜ ਰੱਖੜੀ ਵਾਲੇ ਦਿਨ ਸ਼ਹਿਰ ਵਿੱਚ ਮੌਸਮ ਸੁਹਾਵਣਾ ਹੋਣ ਕਰਕੇ ਸੈਲਾਨੀ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਆਨੰਦ ਮਾਣਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਸਣੇ ਸ਼ਹਿਰ ਦੇ ਸੈਕਟਰ-17 ਅਤੇ 22 ਵਿੱਚ ਰੌਣਕਾਂ ਲੱਗੀਆਂ ਰਹੀਆਂ। ਚੰਡੀਗੜ੍ਹ ਤੇ ਆਸਪਾਸ ਦੇ ਖੇਤਰਾਂ ਵਿਚ ਅੱਜ ਮੀਂਹ ਕਾਰਨ ਮੌਸਮ ਖੁਸ਼ਗਵਾਰ ਰਿਹਾ ਜਿਸ ਕਾਰਨ ਲੋਕਾਂ ਨੇ ਪਹਾੜੀ ਖੇਤਰਾਂ ਵਿਚ ਵਹੀਰਾਂ ਘੱਤੀਆਂ। ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੇ ਮੌਸਮ ਤੋਂ ਵੀ ਰਾਹਤ ਮਿਲੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੋਕਾਂ ਨੇ ਹਿਮਾਚਲ ਪ੍ਰਦੇਸ਼ ਦੇ ਕਸੌਲੀ, ਸ਼ਿਮਲਾ ਆਦਿ ਖੇਤਰਾਂ ਵੱਲ ਜਾਣ ਨੂੰ ਤਰਜੀਹ ਦਿੱਤੀ ਤੇ ਮੌਸਮ ਦਾ ਆਨੰਦ ਮਾਣਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਕੁਝ ਦਿਨ ਮੀਂਹ ਪੈਣ ਤੋਂ ਬਾਅਦ ਮੌਨਸੂਨ ਵੀ ਵਾਪਸੀ ਹੋਵੇਗੀ। ਸ਼ਿਮਲਾ ਜਾਣ ਵਾਲੇ ਰਾਜਦੀਪ ਨੇ ਦੱਸਿਆ ਕਿ ਮੀਂਹ ਕਾਰਨ ਕਈ ਥਾਈਂ ਪੱਥਰ ਡਿੱਗੇ ਹੋਏ ਸਨ ਜਿਸ ਕਾਰਨ ਉਨ੍ਹਾਂ ਨੂੰ ਸਫਰ ਕਰਨ ਲੱਗੇ ਕਈ ਸਮੱਸਿਆਵਾਂ ਆਈਆਂ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਥਾਈਂ ਪਹਾੜਾਂ ਤੋਂ ਪੱਥਰ ਡਿੱਗਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਆਮ ਲੋਕ ਰਾਤ ਵੇਲੇ ਸਫਰ ਕਰਨ ਤੋਂ ਗੁਰੇਜ਼ ਕਰਨ।
ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 38 ਦਰਜ
ਮੀਂਹ ਪੈਣ ਮਗਰੋਂ ਹਵਾ ਚੱਲਣ ਨਾਲ ਟ੍ਰਾਈਸਿਟੀ ਦਾ ਵਾਤਾਵਰਣ ਕਾਫੀ ਹੱਦ ਤਕ ਸਾਫ਼ ਹੋ ਗਿਆ। ਇਸੇ ਦੌਰਾਨ ਪ੍ਰਦੂਸ਼ਣ ਦਾ ਪੱਧਰ ਵੀ ਘੱਟ ਗਿਆ। ਅੱਜ ਚੰਡੀਗੜ੍ਹ ਦਾ ਏਕਿਊਆਈ (ਏਅਰ ਕੁਆਹਲਿਟੀ ਇੰਡੈਕਸ) 38 ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੁਹਾਲੀ ਦਾ ਏਕਿਊਆਈ 47 ਅਤੇ ਪੰਚਕੂਲਾ ਦਾ ਏਕਿਊਆਈ 49 ਰਿਹਾ। ਮੀਂਹ ਨੇ ਲੋਕਾਂ ਨੂੰ ਗਰਮੀ ਦੇ ਨਾਲ-ਨਾਲ ਪ੍ਰਦੂਸ਼ਿਤ ਵਾਤਾਵਰਣ ਤੋਂ ਵੀ ਨਿਜਾਤ ਦਿਵਾਈ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਕਾਰਨ ਮੌਸਮ ਖੁਸ਼ਗਵਾਰ ਤੇ ਵਾਤਾਵਰਣ ਵਿੰਚ ਪ੍ਰਦੂਸ਼ਣ ਹੋਰ ਘਟਣ ਦੇ ਸੰਕੇਤ ਹਨ।