ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੁਲਾਈ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਮੁੜ ਵਸੇਬੇ ਸਕੀਮ ਅਧੀਨ ਸ਼ਹਿਰ ਵਿੱਚ ਲਗਪਗ 17 ਹਜ਼ਾਰ ਲਾਭਪਾਤਰੀਆਂ ਨੂੰ ਛੋਟੇ ਫਲੈਟ ਅਲਾਟ ਕੀਤੇ ਗਏ ਸਨ। ਪਰ ਬੋਰਡ ਨੂੰ ਮਿਲੀਆਂ ਸ਼ਿਕਾਇਤਾਂ ਅਨੁਸਾਰ ਇਨ੍ਹਾਂ ਵਿੱਚੋਂ ਕਈ ਅਲਾਟੀਆਂ ਨੇ ਆਪਣੇ ਫਲੈਟ ਅੱਗੇ ਵੇਚ ਦਿੱਤੇ ਹਨ, ਜਦੋਂ ਕਿ ਨਿਯਮਾਂ ਅਨੁਸਾਰ ਇਨ੍ਹਾਂ ਫਲੈਟਾਂ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ। ਬੋਰਡ ਨੇ ਇਨ੍ਹਾਂ ਫਲੈਟਾਂ ਸਬੰਧੀ ਸਰਵੇਖਣ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਬੋਰਡ ਦੀਆਂ ਟੀਮਾਂ ਨੇ ਅੱਜ ਇੱਥੇ ਰਾਮਦਰਬਾਰ ਵਿੱਚ ਸਮਾਲ ਫਲੈਟਾਂ ਦਾ ਸਰਵੇਖਣ ਕੀਤਾ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਬੋਰਡ ਦੀਆਂ 10 ਸਰਵੇਖਣ ਟੀਮਾਂ ਨੇ ਇਥੇ 576 ਸਮਾਲ ਫਲੈਟਾਂ ਦਾ ਸਰਵੇਖਣ ਕੀਤਾ। ਟੀਮਾਂ ਨੇ ਜਾਂਚ ਕੀਤੀ ਕਿ ਫਲੈਟ ਕਿਸ ਨੂੰ ਅਲਾਟ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਇਸ ਫਲੈਟ ਵਿੱਚ ਕੌਣ ਰਹਿ ਰਿਹਾ ਹੈ। ਸਰਵੇਖਣ ਦੌਰਾਨ ਫਲੈਟ ਵਿੱਚ ਰਹਿ ਰਹੇ ਵਿਅਕਤੀ ਨੂੰ ਫਲੈਟ ਦੇ ਅਲਾਟਮੈਂਟ ਪੱਤਰ ਸਮੇਤ ਆਪਣਾ ਪਛਾਣ ਪੱਤਰ ਚੈੱਕ ਕੀਤਾ ਗਿਆ। ਅਲਾਟੀ ਦੀ ਘਰ ਵਿੱਚ ਗੈਰ ਮੌਜੂਦਗੀ ਵਿੱਚ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਦਸਤਾਵੇਜ਼ ਚੈੱਕ ਕੀਤੇ ਗਏ। ਬੋਰਡ ਵੱਲੋਂ ਗਠਿਤ ਅਧਿਕਾਰੀਆਂ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਅਲਾਟੀਆਂ ਦੀ ਜਾਣਕਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਭਰੇ ਗਏ। ਸਰਵੇਖਣ ਦੌਰਾਨ ਜਾਣਕਾਰੀ ਦਾ ਪੂਰਾ ਰਿਕਾਰਡ ਬਣਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਬੋਰਡ ਮੁਤਾਬਕ ਅਜਿਹੇ ਸਾਰੇ ਅਲਾਟੀਆਂ ਦੇ ਫਲੈਟਾਂ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਹੈ, ਜੋ ਬੋਰਡ ਵਲੋਂ ਅਲਾਟ ਫਲੈਟ ਅੱਗੇ ਵੇਚ ਚੁੱਕੇ ਹਨ। ਇਸ ਤੋਂ ਇਲਾਵਾ ਪੁਲੀਸ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਅਨੁਸਾਰ ਸ਼ਹਿਰ ਵਿੱਚ ਮੁੜ ਵਸੇਬਾ, ਸਮਾਲ ਫਲੈਟ ਸਕੀਮ ਅਤੇ ਕਿਫ਼ਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਲਗਪਗ 17,000 ਫਲੈਟ ਅਲਾਟ ਕੀਤੇ ਗਏ ਹਨ। ਅਲਾਟਮੈਂਟ ਦੇ ਨਿਯਮਾਂ ਅਨੁਸਾਰ ਇਹ ਸਾਰੇ ਫਲੈਟ ਲੀਜ਼ ’ਤੇ ਹਨ। ਇਨ੍ਹਾਂ ਨੂੰ ਵੇਚਣਾ, ਤਬਾਦਲਾ ਕਰਨਾ ਅਤੇ ਕਿਸੇ ਹੋਰ ਨੂੰ ਦੇਣਾ ਗ਼ੈਰਕਾਨੂੰਨੀ ਹੈ।