ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮੁਹਾਲੀ ਦੇ ਫੇਜ਼-7 ਵਿਚਲਾ ਰਿਜਨਲ ਸੈਂਟਰ ਬੰਦ ਕਰਨ ਦਾ ਫੈਸਲਾ ਲੈਣ ਕਾਰਨ ਨੌਜਵਾਨਾਂ ਵਿੱਚ ਭਾਰੀ ਰੋਸ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਘਾਟ ਕਾਰਨ ਮਜਬੂਰੀ ’ਚ ਸੈਂਟਰ ਨੂੰ ਬੰਦ ਕਰਨਾ ਪਿਆ। ਇੱਥੇ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰ ਸੰਸਥਾਵਾਂ ਵਿੱਚ ਤਬਦੀਲ ਕਰਨ ਦੇ ਫੈਸਲੇ ਦੇ ਵਿਰੋਧ ’ਚ ਅੱਜ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਅੱਜ ਇੱਥੇ ਰਿਜਨਲ ਸੈਂਟਰ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਜਸਕਰਨ ਸਿੰਘ, ਗੁਰਕੀਰਤ ਸਿੰਘ, ਪਲਵਿੰਦਰ ਸਿੰਘ, ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਬਦਲਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਸੈਂਟਰ ਵੱਲੋਂ ਉਨ੍ਹਾਂ ਨੂੰ ਮੈਸੇਜ ਭੇਜਿਆ ਗਿਆ ਹੈ ਕਿ ਉਹ ਸ਼ਹਿਰ ਦੇ ਫੇਜ਼-6 ਜਾਂ ਫੇਜ਼-3 ਵਿਚਲੇ ਕਾਲਜ ’ਚ ਤਬਦੀਲ ਹੋ ਜਾਣ ਤੇ ਕੁਝ ਵਿਦਿਆਰਥੀਆਂ ਨੂੰ ਪਟਿਆਲਾ ਦੇ ਕਾਲਜਾਂ ’ਚ ਜਾਣ ਲਈ ਕਿਹਾ ਗਿਆ ਹੈ। ਸੈਂਟਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਇੱਥੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਲਿਹਾਜ਼ਾ, ਪੁਰਾਣੇ ਕੋਰਸਾਂ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਸੰਦ ਦੇ ਕਾਲਜ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਵੀ ਲਿਖਤੀ ਨਹੀਂ ਦਿੱਤਾ ਜਾ ਰਿਹਾ ਤੇ ਸਿਰਫ਼ ਜ਼ੁਬਾਨੀ ਕਿਸੇ ਹੋਰ ਥਾਂ ਸ਼ਿਫ਼ਟ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਯੂਨੀਵਰਸਿਟੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਇਸਦਾ ਕੋਈ ਹੋਰ ਹੱਲ ਕੱਢਿਆ ਜਾਵੇਗਾ। ਮੌਕੇ ’ਤੇ ਹਾਜ਼ਰ ਮੁਹਾਲੀ ਸੈਂਟਰ ਦੀ ਐਸੋਸੀਏਟ ਪ੍ਰੋਫੈਸਰ ਡਾ. ਅੰਬਿਕਾ ਪਾਟਿਲ ਨੇ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ।
ਸੈਂਟਰ ਨੂੰ ਮਜਬੂਰੀ ਵਿੱਚ ਬੰਦ ਕਰਨ ਦਾ ਫੈਸਲਾ ਲਿਆ: ਵੀਸੀ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦਾ ਕਹਿਣਾ ਹੈ ਕਿ ਇਸ ਸੈਂਟਰ ਨੂੰ ਮਜਬੂਰੀ ਵਿੱਚ ਬੰਦ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਇੱਥੇ ਤਾਇਨਾਤ ਸਟਾਫ਼ ਤੇ ਸੈਂਟਰ ਦੀ ਸਮਰਥਾ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਸੈਂਟਰ ਨੂੰ ਚਲਾਉਣ ਲਈ ਘੱਟੋ ਘੱਟ 500 ਵਿਦਿਆਰਥੀ ਹੋਣੇ ਚਾਹੀਦੇ ਹਨ ਪਰ ਇੱਥੇ 10 ਵਿਦਿਆਰਥੀ ਹਨ। ਕੁਝ ਕੋਰਸ ਅਜਿਹੇ ਹਨ ਜਿਨ੍ਹਾਂ ’ਚ ਸਿਰਫ਼ 1 ਜਾਂ 2 ਵਿਦਿਆਰਥੀ ਹੀ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਮੁਹਾਲੀ ਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ’ਚ ਦਾਖ਼ਲ ਕਰਵਾਇਆ ਜਾ ਰਿਹਾ ਹੈ।