ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਨੂੰ ਕੇਂਦਰ ਤੋਂ ਬਜਟ ਦੀ ਕਿਸ਼ਤ ਜਾਰੀ ਨਹੀਂ ਹੋਈ ਜਿਸ ਕਾਰਨ ਅਧਿਆਪਕਾਂ ਦੀ ਭਰਤੀ ਰੁਕ ਗਈ ਹੈ। ਇਸ ਵੇਲੇ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਅਧਿਆਪਕਾਂ ਦੀ ਘਾਟ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਚੰਡੀਗੜ੍ਹ ਵਿਚ 115 ਸਰਕਾਰੀ ਸਕੂਲ ਹਨ ਤੇ ਇਸ ਵੇਲੇ ਹਾਲ ਇਹ ਹੈ ਕਿ ਹਰ ਇਕ ਸਰਕਾਰੀ ਸਕੂਲ ਵਿਚ ਦਸ ਤੋਂ ਪੰਦਰਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਕਈ ਵਿਸ਼ਿਆਂ ਦੇ ਤਾਂ ਕਈ ਕਈ ਸਾਲ ਤੋਂ ਅਧਿਆਪਕ ਹੀ ਨਿਯੁਕਤ ਨਹੀਂ ਹੋਏ।
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯੂਟੀ ਨੇ ਕੇਂਦਰ ਨੂੰ ਅਧਿਆਪਕਾਂ ਦੀ ਭਰਤੀ ਲਈ ਮਨਜ਼ੂਰੀ ਮੰਗੀ ਸੀ। ਕੇਂਦਰ ਨੇ ਭਰਤੀ ਲਈ ਮਨਜ਼ੂਰੀ ਤਾਂ ਦੇ ਦਿੱਤੀ ਪਰ ਇਹ ਭਰਤੀ ਤਦ ਤਕ ਸ਼ੁਰੂ ਨਹੀਂ ਕੀਤੀ ਜਾ ਸਕਦੀ ਜਦ ਤਕ ਕੇਂਦਰ ਵਲੋਂ ਬਜਟ ਜਾਰੀ ਨਹੀਂ ਹੁੰਦਾ। ਸ਼ਹਿਰ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਵੇਲੇ ਹਾਲ ਇਹ ਹੈ ਕਿ ਕਈ ਜਮਾਤਾਂ ਦੇ ਸੈਕਸ਼ਨਾਂ ਨੂੰ ਇਕੱਠੇ ਕਰ ਕੇ ਪੜ੍ਹਾਇਆ ਜਾ ਰਿਹਾ ਹੈ ਜਿਸ ਦਾ ਵਿਦਿਆਰਥੀਆਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਚੰਡੀਗੜ੍ਹ ਵਿਚ 4515 ਅਧਿਆਪਕਾਂ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਸੀ ਤੇ ਉਸ ਵੇਲੇ ਇਕ ਲੱਖ ਤੋਂ ਘੱਟ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਸਿੱਖਿਆ ਹਾਸਲ ਕਰ ਰਹੇ ਸਨ ਪਰ ਇਸ ਵੇਲੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਡੇਢ ਲੱਖ ਤੋਂ ਵਧ ਵਿਦਿਆਰਥੀ ਪੜ੍ਹ ਰਹੇ ਹਨ ਤੇ ਇਸ ਵੇਲੇ ਸਿਰਫ 3100 ਅਧਿਆਪਕ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਪਿਛਲੇ ਦੋ ਸਾਲਾਂ ’ਚ ਪੰਜ ਸੌ ਦੇ ਕਰੀਬ ਅਧਿਆਪਕ ਸੇਵਾਮੁਕਤ ਹੋ ਚੁੱਕੇ ਹਨ। ਇਥੋਂ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਸਮੱਸਿਆ ਬਾਰੇ ਦੱਸਿਆ ਹੈ ਪਰ ਹਾਲੇ ਤਕ ਸਮੱਸਿਆ ਹੱਲ ਨਹੀਂ ਹੋਈ। ਇਕ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਪੱਤਰ ਲਿਖ ਕੇ ਜਲਦੀ ਨਿਯੁਕਤੀਆਂ ਕਰਨ ਦੀ ਮੰਗ ਕੀਤੀ ਹੈ।
ਅਧਿਆਪਕਾਂ ਦੀ ਜਲਦੀ ਹੋਵੇ ਭਰਤੀ: ਪ੍ਰਧਾਨ
ਯੂਟੀ ਆਲ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਮੰਗ ਕੀਤੀ ਹੈ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਅਧਿਆਪਕ ਸੇਵਾਮੁਕਤ ਹੋਣ ਨਾਲ ਉਨ੍ਹਾਂ ਦਾ ਕੰਮ ਦੂਜੇ ਅਧਿਆਪਕਾਂ ਨੂੰ ਕਰਨਾ ਪੈ ਰਿਹਾ ਹੈ ਜਦਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਪਹਿਲਾਂ ਦੀ ਵਾਧੂ ਕੰਮ ਦੇ ਬੋਝ ਹੇਠ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਵੀ ਹੋਰ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕੇ ਤੇ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਤੇ ਅਧਿਆਪਕਾਂ ਦੀਆਂ ਪਦਉਨਤੀਆਂ ਕੀਤੀਆਂ ਜਾਣ। ਸਿੱਖਿਆ ਸਕੱਤਰ ਪੂਰਵਾ ਗਰਗ ਨੇ ਕਿਹਾ ਕਿ ਉਹ ਅਧਿਆਪਕਾਂ ਦੀ ਭਰਤੀ ਲਈ ਕੇਂਦਰ ’ਤੇ ਨਿਰਭਰ ਹਨ ਤੇ ਕੇਂਦਰ ਵਲੋਂ ਬਜਟ ਜਾਰੀ ਹੋਣ ਤੋਂ ਬਾਅਦ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ।