ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਜੁਲਾਈ
ਇੱਥੋਂ ਦੇ ਸਰਕਾਰੀ ਆਰਟ ਕਾਲਜ ਸੈਕਟਰ-10 ਵਿੱਚ ਮਾਸਟਰ ਇਨ ਫਾਈਨ ਆਰਟਸ (ਐੱਮਐੱਫਏ) ਕਰਵਾਉਣ ਦਾ ਰਾਹ ਖੁੱਲ੍ਹਣ ਵਾਲਾ ਹੈ। ਪੰਜਾਬ ਯੂਨੀਵਰਸਿਟੀ ਨੇ ਇਸ ਕਾਲਜ ਵਿੱਚ ਪੇਸ਼ੇਵਰ ਪ੍ਰਿੰਸੀਪਲ ਤੇ ਸਟਾਫ਼ ਨਾ ਹੋਣ ਕਾਰਨ ਐਮਐਫਏ ਦੀ ਮਾਨਤਾ ਰੱਦ ਕਰ ਦਿੱਤੀ ਸੀ, ਪਰ ਹੁਣ ਕਾਲਜ ਨੂੰ ਇਸ ਆਧਾਰ ’ਤੇ ਆਰਜ਼ੀ ਮਾਨਤਾ ਦਿੱਤੀ ਗਈ ਹੈ ਕਿ ਉਹ ਅਗਸਤ ਮਹੀਨੇ ਦੇ ਅਖੀਰ ਤਕ ਪ੍ਰਿੰਸੀਪਲ ਤੇ ਹੋਰ ਨਿਯੁਕਤੀਆਂ ਦਾ ਅਮਲ ਮੁਕੰਮਲ ਕਰ ਲਵੇ। ਜਾਣਕਾਰੀ ਅਨੁਸਾਰ ਇਸ ਕਾਲਜ ਵਿੱਚ ਬੈਚਲਰ ਇਨ ਫਾਈਨ ਆਰਟਸ ਦੇ ਦਾਖਲੇ ਤਾਂ ਹੋ ਰਹੇ ਹਨ ਪਰ ਐਮਐਫਏ ਵਿੱਚ ਦਾਖ਼ਲੇ ਨਾ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਇਸ ਕਾਲਜ ਕੋਲ ਨਿਯਮਿਤ ਪ੍ਰਿੰਸੀਪਲ ਨਹੀਂ ਹੈ ਜਿਸ ਕਾਰਨ ਡਾਇਰੈਕਟਰ ਉੱਚ ਸਿੱਖਿਆ ਅਮਨਦੀਪ ਸਿੰਘ ਭੱਟੀ ਨੂੰ ਇਸ ਕਾਲਜ ਦੇ ਪ੍ਰਿੰਸੀਪਲ ਦਾ ਚਾਰਜ ਦਿੱਤਾ ਗਿਆ ਹੈ। ਦੂਜੇ ਪਾਸੇ ਸਟਾਫ਼ ਮੈਂਬਰਾਂ ਦਾ ਕਹਿਣਾ ਹੈ ਕਿ ਕਾਲਜ ਵਿੱਚ ਨਿਯਮਿਤ ਨਿਯੁਕਤੀਆਂ ਨਾ ਹੋਣ ਕਾਰਨ ਉਨ੍ਹਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਮਾਨਤਾ ਕਮੇਟੀ ਨੇ ਇਸ ਕਾਲਜ ਵਿੱਚ ਨਿਯਮਿਤ ਸਟਾਫ਼ ਨਾ ਹੋਣ ਕਾਰਨ ਇਤਰਾਜ਼ ਲਗਾਇਆ ਸੀ। ਪੰਜਾਬ ਯੂਨੀਵਰਿਸਟੀ ਦੇ ਮਾਨਤਾ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਕਾਲਜ ਵਿੱਚ ਬਨਿਆਦੀ ਢਾਂਚਾ ਤੇ ਆਡੀਟੋਰੀਅਮ ਸਮੇਂ ਦੇ ਹਾਣ ਦਾ ਨਹੀਂ ਹੈ ਜਿਸ ਨੂੰ ਬਦਲਣ ਲਈ ਕਿਹਾ ਗਿਆ ਹੈ। ਇਸ ਦੌਰਾਨ ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਭੱਟੀ ਨੇ ਦੱਸਿਆ ਕਿ ਕਾਲਜ ਨੂੰ ਆਰਜ਼ੀ ਮਾਨਤਾ ਮਿਲ ਗਈ ਹੈ ਤੇ ਇੱਕ ਮਹੀਨੇ ਵਿੱਚ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਪ੍ਰਾਸਪੈਕਟਸ ਜਾਰੀ ਕਰ ਕੇ ਐੱਮਐੱਫਏ ਵਿੱਚ ਦਾਖ਼ਲੇ ਕੀਤੇ ਜਾਣਗੇ।
ਬੀਐੱਫਏ ਯੂਟੀ ਪੂਲ ਦਾ ਦਾਖ਼ਲਾ ਟੈਸਟ ਅੱਜ
ਸਰਕਾਰੀ ਆਰਟ ਕਾਲਜ ਵਿੱਚ ਬੀਐੱਫਏ ਵਿੱਚ ਦਾਖ਼ਲਿਆਂ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਾਲਜ ਵਿੱਚ 19 ਜੁਲਾਈ ਨੂੰ ਐਪਟੀਚਿਊਡ ਟੈਸਟ ਲਈ ਯੂਟੀ ਪੂਲ ਦੇ ਵਿਦਿਆਰਥੀਆਂ ਨੂੰ ਸੱਦਿਆ ਗਿਆ ਹੈ ਤੇ ਆਲ ਇੰਡੀਆ ਪੂਲ ਵਾਲਿਆਂ ਨੂੰ 22 ਤੱਕ ਲਗਾਤਾਰ ਸੱਦਿਆ ਜਾਵੇਗਾ। ਕਾਲਜ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਸੀਬੀਐੱਸਈ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਜਾਰੀ ਨਹੀਂ ਹੁੰਦਾ, ਉਦੋਂ ਤੱਕ ਵਿਦਿਆਰਥੀਆਂ ਦੇ ਐਂਟਰੀ ਟੈਸਟ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ ਕਿਉਂਕਿ ਦਾਖਲੇ ਲਈ ਬਣਨ ਵਾਲੀ ਮੈਰਿਟ ਵਿੱਚ 60 ਫ਼ੀਸਦੀ ਅੰਕ ਦਾਖ਼ਲਾ ਟੈਸਟ ਵਿੱਚੋਂ ਜਦਕਿ 40 ਫ਼ੀਸਦੀ ਅੰਕ ਬਾਰ੍ਹਵੀਂ ਜਮਾਤ ਦੇ ਅੰਕਾਂ ਦੇ ਜੋੜੇ ਜਾਣਗੇ। ਦੱਸਣਾ ਬਣਦਾ ਹੈ ਕਿ ਯੂਜੀਸੀ ਨੇ ਦਾਖ਼ਲਿਆਂ ਦੀ ਅੰਤਿਮ ਮਿਤੀ ਨਤੀਜੇ ਜਾਰੀ ਹੋਣ ਤੋਂ ਬਾਅਦ ਹੀ ਐਲਾਨਣ ਦੀ ਹਦਾਇਤ ਕੀਤੀ ਹੈ।