ਪੱਤਰ ਪ੍ਰੇਰਕ
ਗਿੱਦੜਬਾਹਾ, 9 ਸਤੰਬਰ
ਬੀਕੇਯੂ ਏਕਤਾ ਉਗਰਾਹਾਂ ਪੰਜਾਬ ਇਕਾਈ ਬੁੱਟਰ ਬਖੂਹਾ ਦਾ ਕਿਸਾਨ 68 ਸਾਲਾ ਗੁਰਦਿਆਲ ਸਿੰਘ ਕਾਲੇ ਕਾਨੂੰਨਾਂ ਖਿਲਾਫ਼ ਜਨ ਅੰਦੋਲਨ ਵਿਚ ਪਿਛਲੇ ਕਾਫੀ ਦਿਨਾਂ ਤੋਂ ਟਿੱਕਰੀ ਮੋਰਚੇ ’ਤੇ ਡਟਿਆ ਹੋਇਆ ਸੀ। ਉਸ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਸਾਨ ਦੇ ਪਰਿਵਾਰ ’ਚ ਪਤਨੀ, ਦੋ ਲੜਕੇ ਤੇ ਇਕ ਲੜਕੀ ਹਨ। ਲਾਸ਼ ਦਾ ਪੋਸਟਮਾਰਟਮ ਭਲਕੇ ਸਿਵਲ ਹਸਪਤਾਲ ਬਹਾਦਰਗੜ੍ਹ ਹਰਿਆਣਾ ਵਿਚ ਹੋਵੇਗਾ। ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਗਿੱਦੜਬਾਹਾ ਬਲਾਕ ਦੇ ਜਨਰਲ ਸਕੱਤਰ ਸੁੱਚਾ ਸਿੰਘ ਕੋਟਭਾਈ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਸਾਰਾ ਕਰਜ਼ਾ ਮੁਆਫ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।