ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੁਲਾਈ
ਛੱਤ ਬੀੜ ਵਿਖੇ ਘੱਗਰ ਦਰਿਆ ਵਿੱਚ ਬੰਨ ਉਸਾਰਕੇ 125 ਕਰੋੜ ਦੀ ਲਾਗਤ ਨਾਲ ਬਨੂੜ ਖੇਤਰ ਦੇ 50 ਪਿੰਡਾਂ ਦੇ 40 ਹਜ਼ਾਰ ਏਕੜ ਰਕਬੇ ਨੂੰ ਖੇਤੀਬਾੜੀ ਲਈ ਸਾਰਾ ਸਾਲ ਪਾਣੀ ਦੇਣ ਲਈ ਬਣਾਈ ਬਨੂੜ ਨਹਿਰ ਦਾ ਪਾਣੀ ਅੱਜ ਫ਼ਿਰ ਬੰਦ ਕਰ ਦਿੱਤਾ ਗਿਆ ਹੈ। ਪਹਿਲੀ ਜੂਨ ਨੂੰ ਨਹਿਰ ਵਿੱਚ ਪਾਣੀ ਛੱਡੇ ਜਾਣ ਮਗਰੋਂ ਤੀਜੀ ਵੇਰ ਨਹਿਰੀ ਪਾਣੀ ਬੰਦ ਕੀਤਾ ਗਿਆ ਹੈ। 130 ਕਿਊਸਿਕ ਵਾਲੀ ਇਸ ਨਹਿਰ ਵਿੱਚ ਮਸਾਂ 30 ਤੋਂ 35 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਸੀ। ਘੱਗਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਇਸ ਨਹਿਰੀ ਪ੍ਰਾਜੈਕਟ ਦੀ ਕਾਮਯਾਬੀ ਉੱਤੇ ਵੀ ਸਵਾਲ ਉੱਠਣੇ ਆਰੰਭ ਹੋ ਗਏ ਹਨ।
ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚੋਂ ਇੰਜਣਾਂ ਰਾਹੀਂ ਪਾਣੀ ਹਾਸਲ ਕਰਨ ਵਾਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਬਨੂੜ ਨਹਿਰ ਵਿੱਚ ਸਮਝੌਤੇ ਅਨੁਸਾਰ ਪਾਣੀ ਛੱਡਣ ਦੀ ਮੰਗ ਤੋਂ ਬਾਅਦ ਨਹਿਰ ਦਾ ਪਾਣੀ ਬੰਦ ਕੀਤਾ ਗਿਆ ਹੈ। ਸਿੰਜਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇੰਜਣਾਂ ਵਾਲੇ ਕਿਸਾਨਾਂ ਨਾਲ ਕੀਤੇ ਸਮਝੌਤੇ ਅਨੁਸਾਰ ਨਹਿਰ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਕ ਤੋਂ ਲੈਕੇ ਦਸ ਤਾਰੀਕ ਤੱਕ ਹੀ ਨਹਿਰ ਵਿੱਚ ਪਾਣੀ ਛੱਡਿਆ ਜਾ ਸਕੇਗਾ। ਮਹੀਨੇ ਦੇ ਬਾਕੀ ਸਾਰੇ ਦਿਨ ਘੱਗਰ ਦਰਿਆ ਵਿੱਚ ਸਾਰਾ ਪਾਣੀ ਛੱਡਿਆ ਜਾਵੇਗਾ। ਪਹਿਲੇ ਦਸ ਦਿਨ ਵੀ ਇੰਜਣਾਂ ਵਾਲੇ ਕਿਸਾਨਾਂ ਨੂੰ ਸੌ ਕਿਊਸਿਕ ਪਾਣੀ ਛੱਡਣਾ ਪਵੇਗਾ।
ਨਹਿਰ ਚਲਾਓ ਸੰਘਰਸ਼ ਕਮੇਟੀ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਚੌਧਰੀ ਮੁਹੰਮਦ ਸਦੀਕ ਬਨੂੜ, ਸੁਰਿੰਦਰ ਸਿੰਘ ਬੂਟਾਸਿੰਘ ਵਾਲਾ, ਪ੍ਰੇਮ ਸਿੰਘ ਘੜਾਮਾਂ ਆਦਿ ਨੇ ਨਹਿਰੀ ਪਾਣੀ ਬੰਦ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਰਫ਼ ਦਸ ਦਿਨ ਹੀ ਇਸ ਨਹਿਰ ਵਿੱਚ ਤੀਹ ਕਿਊਸਿਕ ਪਾਣੀ ਛੱਡਿਆ ਜਾਣਾ ਹੈ ਫ਼ਿਰ ਇਸ ਪ੍ਰਾਜੈਕਟ ਉੱਤੇ ਇੰਨੀ ਵੱਡੀ ਰਾਸ਼ੀ ਖਰਚ ਕਰਨ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਨੇ ਸਮਝੌਤੇ ਸਮੇਂ ਨਹਿਰੀ ਖੇਤਰ ਦੇ ਕਿਸਾਨਾਂ ਨੂੰ ਧਿਰ ਨਹੀਂ ਬਣਾਇਆ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਨਹਿਰ ਵਿੱਚ ਪਾਣੀ ਛੱਡਿਆ ਜਾਵੇਗਾ।
ਉੱਚ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਪਾਣੀ ਬੰਦ ਕੀਤਾ: ਮੁਲਾਜ਼ਮ
ਛੱਤ ਬੀੜ ਕੋਲ ਬਨੂੜ ਨਹਿਰ ਉੱਤੇ ਬਨੂੜ ਨਹਿਰ ਵਿਚ ਪਾਣੀ ਛੱਡਣ ਦੀ ਨਿਗਰਾਨੀ ਕਰਦੇ ਕਰਮਚਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਤਿੰਨ ਕੁ ਵਜੇ ਪਾਣੀ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੰਜਾਈ ਵਿਭਾਗ ਦੇ ਐਕਸ਼ੀਅਨ ਦੇ ਫੋਨ ਰਾਹੀਂ ਆਏ ਨਿਰਦੇਸ਼ਾਂ ਤਹਿਤ ਪਾਣੀ ਬੰਦ ਕੀਤਾ ਗਿਆ ਹੈ।