ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 8 ਨਵੰਬਰ
ਰਾਜਪੁਰਾ ’ਚ ਸਥਿਤ ਆਰਬੀਆਈ ਚੌਕ ਦਾ ਨਾਮ ਡਾ. ਭੀਮ ਰਾਓ ਅੰਬੇਦਕਰ ਦੇ ਨਾਮ ਉਪਰ ਰੱਖਣ ਲਈ ਵੱਖ ਵੱਖ ਦਲਿਤ ਜਥੇਬੰਦੀਆਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਰੋਹ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕੋਈ ਵਿਚਕਾਰਲਾ ਰਾਹ ਅਖ਼ਤਿਆਰ ਕਰਨ ਦਾ ਭਰੋਸਾ ਦੇਣ ਮਗਰੋਂ ਜਥੇਬੰਦੀਆਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਡਾ. ਅੰਬੇਦਕਰ ਵਾਲਮੀਕਿ ਸਭਾ ਬਨਵਾੜੀ ਦੇ ਪ੍ਰਧਾਨ ਹੰਸ ਰਾਜ, ਸਫ਼ਾਈ ਮਜ਼ਦੂਰ ਸੰਘ ਦੇ ਪ੍ਰਧਾਨ ਸਤਪਾਲ, ਐਡਵੋਕੇਟ ਰਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੁੱਝ ਸਾਲ ਪਹਿਲਾਂ ਆਰਬੀਆਈ ਚੌਕ ਦਾ ਨਾਮ ਬਦਲ ਕੇ ਡਾ. ਭੀਮ ਰਾਓ ਅੰਬੇਦਕਰ ਦੇ ਨਾਮ ’ਤੇ ਰੱਖਿਆ ਗਿਆ ਸੀ ਅਤੇ ਇੱਥੇ ਬਾਬਾ ਸਾਹਿਬ ਦੀ ਆਦਮ ਕੱਦ ਮੂਰਤੀ ਲਗਾਈ ਗਈ ਸੀ ਪਰ ਪਿਛਲੇ ਸਾਲ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ ਸੀ, ਜਿਸ ਨੂੰ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਪਣੀ ਨਿੱਜੀ ਤਨਖ਼ਾਹ ’ਚੋਂ ਦੁਬਾਰਾ ਬਣਾ ਕੇ ਲਗਵਾ ਦਿੱਤਾ ਗਿਆ। ਪਟਿਆਲਾ ਚੌਕ ਦੀ ਤਰਜ਼ ’ਤੇ ਹੁਣ ਇੱਥੇ ਇਕ ਫੁਆਰਾ ਬਣਾਇਆ ਜਾ ਰਿਹਾ ਹੈ, ਜਿਸ ਦੀ ਆੜ ਹੇਠ ਇਕ ਵਾਰ ਫਿਰ ਬਾਬਾ ਸਾਹਿਬ ਦੀ ਮੂਰਤੀ ਨੂੰ ਇੱਥੋਂ ਹਟਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਕਤ ਚੌਕ ਦਾ ਨਵਾਂ ਨਾਮ ਯੂਨੀਲਿਵਰ ਚੌਕ ਰੱਖ ਦਿੱਤਾ ਹੈ, ਜਿਸ ਨੂੰ ਬਦਲ ਕੇ ਮੁੜ ਡਾ. ਅੰਬੇਦਕਰ ਚੌਕ ਰੱਖਿਆ ਜਾਵੇ। ਇਸ ਮੌਕੇ ਐਡਵੋਕੇਟ ਰਵਿੰਦਰ ਸਿੰਘ ਨੇ ਪ੍ਰਸ਼ਾਸਨ ਨੂੰ ਸੁਝਾਓ ਦਿੱਤਾ ਕਿ ਜੇਕਰ ਯੂਨੀਲਿਵਰ ਨੇ ਉਕਤ ਚੌਕ ’ਤੇ ਫੁਆਰਾ ਬਣਾਉਣ ’ਤੇ ਰਾਸ਼ੀ ਖ਼ਰਚ ਕੀਤੀ ਹੈ ਤਾਂ ਚੌਕ ਦਾ ਨਾਮ ਯੂਨੀਲਿਵਰ ਡਾ. ਅੰਬੇਦਕਰ ਚੌਕ ਰੱਖ ਦਿੱਤਾ ਜਾਵੇ। ਇਸ ਮੌਕੇ ਕੁਲਦੀਪ ਸਿੰਘ ਹਰਪਾਲਪੁਰ ਪ੍ਰਧਾਨ ਵਾਲਮੀਕ ਸਭਾ, ਕਮਲ ਕੁਮਾਰ, ਸ਼ਿਵ ਕੁਮਾਰ ਮੋਨੀ, ਰਾਜਿੰਦਰ ਕੁਮਾਰ ਟਿੰਕਾ, ਦਰਸ਼ਨ ਲਾਲ ਬਨਵਾੜੀ, ਗੁਰਿੰਦਰ ਸਿੰਘ ਖ਼ਾਨਪੁਰ, ਰਾਜੂ ਆਦਿ ਮੌਜੂਦ ਸਨ।